ਮੋਗਾ, 3 ਅਗਸਤ (ਜਸ਼ਨ ) ਥਾਣਾ ਮਹਿਣਾ ਅਧੀਨ ਪੈਂਦੇ ਇਲਾਕੇ ਜਲੰਧਰ ਬਾਈਪਾਸ ’ਤੇ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਸਕੂਟਰੀ ਸਵਾਰ ਦੋ ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਦੀਪਕਾ (38) ਨਿਵਾਸੀ ਭੀਮ ਨਗਰ ਅਤੇ ਸੁਮਿਤਜੀਤ (39) ਨਿਵਾਸੀ ਪੱਟੀ ਵਾਲੀ ਗਲੀ ਮੋਗਾ ਜੋ ਪ੍ਰਾਈਵੇਟ ਨਰਸਿੰਗ ਦਾ ਕੰਮ ਕਰਦੀਆਂ ਸਨ ਉੋਹ ਕੈਪੀਟਲ ਹਸਪਤਾਲ ਮੋਗਾ ਵਿਚ ਕੰਮ ਦੀ ਤਲਾਸ਼ ਲਈ ਗਈਆਂ ਸਨ, ਜਦੋਂ ਉਹ ਹਸਪਤਾਲ ਅੰਦਰ ਜਾਣ ਲੱਗੀਆਂ ਤਾਂ ਤੇਜ ਰਫਤਾਰ ਥਾਰ ਗੱਡੀ ਦੀ ਲਪੇਟ ਵਿਚ ਆ ਕੇ ਦੋਨੋਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਸਕੂਟਰੀ ਵੀ ਟੁੱਟ ਗਈ। ਦੋਨਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਨਾਂ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਸੁਮਨਜੀਤ ਦੇ ਪਤੀ ਮਨਦੀਪ ਸਿੰਘ ਦੇ ਬਿਆਨਾਂ ’ਤੇ ਥਾਰ ਗੱਡੀ ਚਾਲਕ ਅਰਸ਼ਦੀਪ ਸਿੰਘ ਨਿਵਾਸੀ ਗੁਰਦਾਸਪੁਰ ਦੇ ਖ਼ਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੋਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤੀਆਂ ਗਈਆਂ।