ਕੋਟ ਈਸੇ ਖਾਂ 20 ਅਕਤੂਬਰ (ਜਸ਼ਨ )
ਮੋਗਾ ਜ਼ਿਲ੍ਹੇ ਲਈ ਸੋਮਵਾਰ ਦਾ ਦਿਨ ਭਾਰੀ ਰਿਹਾ ਜਦੋਂ ਕੋਟ ਈਸੇ ਖਾਂ ਨੇੜੇ ਪਿੰਡ ਗਗੜਾ ਕੋਲ ਅੱਜ ਕਰੀਬ ਸਾਢੇ 12 ਵਜੇ ਦੋ ਗੱਡੀਆਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਥਾਣਾ ਕੋਟ ਈਸੇ ਖਾਂ ਦੇ ਮੁੱਖ ਮੁਨਸ਼ੀ ਗੁਰਜੰਟ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਗਗੜਾ ਨੇੜੇ ਇੱਕ ਐਕਸਯੂਵੀ (SUV) ਅਤੇ ਕੀਆ ਕੰਪਨੀ ਦੀ ਗੱਡੀ ਦੀ ਡਰਾਈਵਰ ਸਾਈਡ ਤੋਂ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਮੁੱਢਲੀ ਜਾਣਕਾਰੀ ਅਨੁਸਾਰ, ਕੀਆ ਗੱਡੀ ਵਿੱਚ ਸਵਾਰ ਵਿਅਕਤੀ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਗੱਡੀ ਵਿੱਚ ਸਵਾਰ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਦੂਜੀ ਐਕਸਯੂਵੀ ਗੱਡੀ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਪੁਲਿਸ ਨੇ ਕਾਫ਼ੀ ਮੁਸ਼ੱਕਤ ਨਾਲ ਮ੍ਰਿਤਕਾਂ ਦੀਆਂ ਦੇਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਮੋਗਾ ਵਿਖੇ ਭੇਜਿਆ ਗਿਆ ਹੈ।
ਫਿਲਹਾਲ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ। ਹਾਦਸੇ ਦੇ ਕਾਰਨਾਂ ਅਤੇ ਹੋਰ ਵੇਰਵਿਆਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਖ਼ਬਰਾਂ
ਦੋ ਜਣਿਆਂ ਦੀ ਮੌਤ,ਦੋ ਗੱਡੀਆਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਮੋਗਾ ਦੇ ਪਿੰਡ ਗਗੜਾ ਕੋਲ ਵਾਪਰੀ ਘਟਨਾ
20 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



