ਮੋਗਾ, 10 ਜੁਲਾਈ ( ) : ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਅਗਰਵਾਲ ਵੈਲਫੇਅਰ ਸਮਾਜ ਸਭਾ (ਐਨ.ਜੀ.ਓ.) ਵੱਲੋਂ ਵੀਰਵਾਰ ਨੂੰ ਬੀ.ਟੈਕ ਦੀ ਵਿਦਿਆਰਥਣ ਪਰਨੀਤ ਕੌਰ ਗਿੱਲ ਅਤੇ ਬੀ.ਬੀ.ਏ. ਦੀ ਵਿਦਿਆਰਥਣ ਸਹਿਜ ਮਿੱਤਲ ਨੂੰ ਇੱਕ ਮਹੀਨੇ ਦੀ ਸਫਲ ਸਮਾਜਿਕ ਇੰਟਰਨਸ਼ਿਪ ਪੂਰੀ ਕਰਨ ਉਪਰੰਤ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਾ ਦੇ ਪ੍ਰਦੇਸ਼ ਪ੍ਰਧਾਨ ਪੀ.ਐਨ. ਮਿੱਤਲ, ਮਹਿਲਾ ਵਿੰਗ ਦੀ ਪ੍ਰਧਾਨ ਭਾਵਨਾ ਬਾਂਸਲ, ਮਹਾਂਸਚਿਵ ਓਮਕਾਰ ਸਿੰਗਲਾ, ਉਪ ਪ੍ਰਧਾਨ ਡਾ. ਰਜਤ ਬਾਂਸਲ, ਜ਼ਿਲ੍ਹਾ ਪ੍ਰਧਾਨ ਨੀਨੂ ਬਾਂਸਲ, ਪ੍ਰਣਵ ਬਾਂਸਲ ਅਤੇ ਅਕਸ਼ਿਤ ਬਾਂਸਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਪ੍ਰਦੇਸ਼ ਪ੍ਰਧਾਨ ਪੀ.ਐਨ. ਮਿੱਤਲ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਿਰਫ਼ ਦਾਨ-ਪੁੰਨ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਲੋੜਵੰਦਾਂ ਦੀ ਮਦਦ ਕਰਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਵੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਸਮਾਜ ਸੇਵਾ ਨਾਲ ਜੁੜੇਗੀ ਤਾਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਹੋਰ ਤੇਜ਼ੀ ਨਾਲ ਆਉਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮਹਿਲਾ ਵਿੰਗ ਦੀ ਪ੍ਰਧਾਨ ਭਾਵਨਾ ਬਾਂਸਲ ਨੇ ਕਿਹਾ ਕਿ ਸਮਾਜ ਸੇਵਾ ਨਾਲ ਵਿਅਕਤੀ ਵਿੱਚ ਸੰਵੇਦਨਸ਼ੀਲਤਾ, ਲੀਡਰਸ਼ਿਪ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਸਮੇਂ-ਸਮੇਂ 'ਤੇ ਮਹਿਲਾ ਸਸ਼ਕਤੀਕਰਨ, ਬਾਲ ਭਲਾਈ, ਸਿੱਖਿਆ, ਸਿਹਤ ਅਤੇ ਜਾਗਰੂਕਤਾ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਇੱਕ ਮਹੀਨੇ ਦੀ ਸੋਸ਼ਲ ਵਰਕ ਇੰਟਰਨਸ਼ਿਪ ਵੀ ਕਰਵਾਈ ਜਾਂਦੀ ਹੈ। ਇਸ ਦੌਰਾਨ ਬੀ.ਟੈਕ ਦੀ ਵਿਦਿਆਰਥਣ ਪਰਨੀਤ ਕੌਰ ਗਿੱਲ ਅਤੇ ਬੀ.ਬੀ.ਏ. ਦੀ ਵਿਦਿਆਰਥਣ ਸਹਿਜ ਮਿੱਤਲ ਨੇ ਮਹਿਲਾ ਸਸ਼ਕਤੀਕਰਨ, ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰਾਂ ਅਤੇ ਚਾਈਲਡ ਵੈਲਫੇਅਰ ਨਾਲ ਸਬੰਧਤ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਅਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਉਪਰੰਤ ਪਰਨੀਤ ਕੌਰ ਗਿੱਲ ਨੇ ਅਗਰਵਾਲ ਵੈਲਫੇਅਰ ਸਮਾਜ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇੰਟਰਨਸ਼ਿਪ ਨੇ ਉਨ੍ਹਾਂ ਨੂੰ ਸਮਾਜ ਦੀਆਂ ਅਸਲ ਲੋੜਾਂ ਨੂੰ ਸਮਝਣ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਸੇਵਾ ਨਾਲ ਜੁੜੇ ਰਹਿਣਗੇ।
ਵਿਦਿਆਰਥਣ ਸਹਿਜ ਮਿੱਤਲ ਨੇ ਵੀ ਸਨਮਾਨ ਲਈ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਦਾ ਇਹ ਤਜਰਬਾ ਉਨ੍ਹਾਂ ਦੇ ਜੀਵਨ ਦੀ ਇੱਕ ਅਨਮੋਲ ਸਿੱਖ ਹੈ। ਉਨ੍ਹਾਂ ਕਿਹਾ ਕਿ ਐਨ.ਜੀ.ਓ. ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਮਹਿਲਾਵਾਂ, ਬੱਚਿਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਸੇਵਾ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਨੂੰ ਵੀ ਬਲ ਮਿਲਿਆ।
ਖ਼ਬਰਾਂ
ਸਮਾਜ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਪੰਜਾਬ ਦੀਆਂ ਦੋ ਧੀਆਂ ਨੂੰ ਅਗਰਵਾਲ ਵੈਲਫੇਅਰ ਸਮਾਜ ਸਭਾ ਵੱਲੋਂ ਕੀਤਾ ਗਿਆ ਸਨਮਾਨਿਤ
* ਸਮਾਜ ਸੇਵਾ ਨਾਲ ਵਿਅਕਤੀ ਵਿੱਚ ਸੰਵੇਦਨਸ਼ੀਲਤਾ, ਲੀਡਰਸ਼ਿਪ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਵਿਕਸਿਤ ਹੁੰਦੀ ਹੈ
10 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



