ਸਰਹਿੰਦ,17 ਨਵੰਬਰ ( ਕੁਲਤਾਰਨ ਸਿੰਘ ਪਧਿਆਣਾ ) ਪੰਜਾਬ ਦੇ ਸਰਹਿੰਦ ਵਿਖੇ ਐਕਟਿਵਾ ਸਕੂਟੀ ਤੇ ਸਵਾਰ ਦੋ ਭਰਾ ਇੱਕ ਭਿਆਨਕ ਸੜਕ ਹਾਦਸੇ ਵਿਚ ਮਾਰੇ ਗਏ ਹਨ। 17 ਸਾਲਾ ਰੋਹਨ ਅਤੇ 13 ਸਾਲਾ ਹਰਸ਼ ਦੀ ਇਸ ਦੁਖਦਾਈ ਘਟਨਾ ਵਿਚ ਜਾਨ ਚਲੀ ਗਈ।
ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਘਟਨਾ ਤਲਵਾੜ ਆਟਾ ਚੱਕੀ ਨੇੜੇ ਵਾਪਰੀ ਹੈ। ਮ੍ਰਿਤਕਾਂ ਦੇ ਭਰਾ ਕਰਨ ਕਸ਼ਯਪ ਅਨੁਸਾਰ ਦੋਵੇਂ ਭਰਾ ਐਕਟਿਵਾ ’ਤੇ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਸੜਕ ’ਤੇ ਅਚਾਨਕ ਆ ਗਏ ਆਵਾਰਾ ਪਸ਼ੂ ਕਾਰਨ ਸੰਤੁਲਨ ਗੁਆ ਬੈਠਾ ਅਤੇ ਐਕਟਿਵਾ ਨਾਲ ਟਕਰਾ ਗਿਆ।
ਹਾਦਸੇ ਤੋਂ ਬਾਅਦ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਹਾਲਤ ਵਿਚ ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰੋਹਨ ਨੂੰ ਮ੍ਰਿਤਕ ਐਲਾਨ ਦਿੱਤਾ। ਹਰਸ਼ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ, ਪਰ ਸੋਮਵਾਰ ਨੂੰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਪੁਲਿਸ ਫ਼ਰਾਰ ਚਾਲਕ ਦੀ ਭਾਲ ਵਿਚ ਲੱਗੀ ਹੋਈ ਹੈ। ਸੜਕ ਤੇ ਅਵਾਰਾ ਫਿਰ ਰਹੇ ਪਸ਼ੂਆਂ ਕਾਰਨ ਨਿੱਤ ਆਮ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ ਪਰ ਮਸਲੇ ਨੂੰ ਮਿਲਦੀ ਧਾਰਮਿਕ ਰੰਗਤ ਕਾਰਨ ਕੋਈ ਵੀ ਹੱਲ ਨਹੀਂ ਨਿਕਲ ਰਿਹਾ।