ਮੋਗਾ 9 ਅਕਤੂਬਰ ( ਜਸ਼ਨ ) : ਮੋਗੇ ਦੇ ਧਰਤੀ ਨੂੰ ਖੂਨਦਾਨੀਆਂ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੋਂ ਦੇ ਕੁੱਝ ਪਿੰਡਾਂ ਵਿੱਚੋਂ ਉਠੀ ਖੂਨਦਾਨ ਲਹਿਰ ਹੌਲੀ ਹੌਲੀ ਐਨੀ ਵੱਡੀ ਬਣੀ ਕਿ ਅੱਜ ਮੋਗਾ ਸਿਰਫ ਆਪਣੇ ਜ਼ਿਲੇ ਦੀਆਂ ਹੀ ਨਹੀਂ ਬਲਕਿ ਹੋਰਨਾਂ ਜਿਲਿਆਂ ਦੀਆਂ ਵੀ ਖੂਨ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਇੱਥੋਂ ਦੇ ਹੀ ਵਸਨੀਕ ਉਘੇ ਖੂਨਦਾਨੀ ਅਤੇ ਸਮਾਜ ਸੇਵੀ ਭਾਈ ਘਨਈਆ ਜੀ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੇ ਮਰਦਾਂ ਦੇ ਵਰਗ ਵਿੱਚ 106 ਵਾਰ ਅਤੇ ਸਿਹਤ ਵਿਭਾਗ ਮੋਗਾ ਵਿੱਚ ਬਤੌਰ ਕਮਿਊਨਿਟੀ ਹੈਲਥ ਅਫਸਰ ਕੰਮ ਕਰਦੀ ਰਾਜਪਾਲ ਕੌਰ ਸਲੀਣਾ, ਜੋ ਕਿ ਸਾਬਕਾ ਐਮ ਪੀ ਕੇਵਲ ਸਿੰਘ ਲੰਢੇਕੇ ਦੀ ਬੇਟੀ ਹੈ, ਵੱਲੋਂ 28 ਵਾਰ ਖੂਨਦਾਨ ਕਰਕੇ ਔਰਤਾਂ ਦੇ ਵਰਗ ਵਿੱਚ ਦੂਸਰੀ ਵਾਰ ਸਟੇਟ ਐਵਾਰਡ ਹਾਸਲ ਕੀਤਾ। 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਰਾਸ਼ਟਰੀ ਸਵੈ ਇਛੁਕ ਖੂਨਦਾਨ ਦਿਵਸ ਸਮਾਗਮ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਇਨ੍ਹਾਂ ਨੂੰ ਪ੍ਰਸੰਸ਼ਾ ਪੱਤਰ ਸੌਂਪੇ ਗਏ। ਜਿਕਰਯੋਗ ਹੈ ਕਿ ਦੋਹਾਂ ਨੂੰ ਇਸ ਪ੍ਰਾਪਤੀ ਲਈ ਵੱਡੀ ਪੱਧਰ ਤੇ ਵਧਾਈਆਂ ਮਿਲ ਰਹੀਆਂ ਹਨ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਲਵਲੀ ਨੇ ਦੱਸਿਆ ਕਿ 1980-2000 ਦੌਰਾਨ ਬਹੁਤ ਘੱਟ ਲੋਕ ਖੂਨਦਾਨ ਪ੍ਰਤੀ ਜਾਗਰੂਕ ਸਨ। ਉਸ ਵੇਲੇ ਖੂਨ ਵੀ ਵੱਡੀਆਂ ਕੱਚ ਦੀਆਂ ਬੋਤਲਾਂ ਵਿੱਚ ਲਿਆ ਜਾਂਦਾ ਸੀ ਤੇ ਬਿਮਾਰੀਆਂ ਦੇ ਟੈਸਟ ਵੀ ਨਹੀਂ ਹੁੰਦੇ ਸਨ, ਜਿਸ ਕਾਰਨ ਖੂਨਦਾਨੀ ਦੀ ਸਿਹਤ ਨੂੰ ਵੀ ਗੰਭੀਰ ਖਤਰੇ ਰਹਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਅਸੀਂ ਕੁੱਝ ਲੋਕਾਂ ਨੇ ਖੂਨਦਾਨ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਇਹ ਕਾਫਲੇ ਬਹੁਤ ਵੱਡੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਵਿੱਚ ਮੇਰੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਹੱਥ ਹੈ। ਰਾਜਪਾਲ ਕੌਰ ਨੇ ਦੱਸਿਆ ਕਿ ਮੈਂਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਆਪਣੇ ਪਤੀ ਮਾ ਪਰਮਜੀਤ ਸਿੰਘ ਤੋਂ ਮਿਲੀ ਜੋ 18 ਸਾਲ ਦੀ ਉਮਰ ਤੋਂ ਹੀ ਖੂਨਦਾਨ ਕਰਦੇ ਆ ਰਹੇ ਹਨ। ਸਿਹਤ ਵਿਭਾਗ ਵਿੱਚ ਕੰਮ ਕਰਦੇ ਹੋਣ ਕਾਰਨ ਲੋੜਵੰਦ ਵੀ ਮੇਰੇ ਤੱਕ ਪਹੁੰਚ ਕਰਦੇ ਰਹਿੰਦੇ ਸਨ। 2015 ਤੋਂ ਮੈੰ ਅਤੇ ਮੇਰੇ ਪਤੀ ਆਪਣੇ ਆਪਣੇ ਜਨਮ ਦਿਨ ਅਤੇ ਵਿਆਹ ਵਰੇਗੰਢ ਮੌਕੇ ਨਿਯਮਿਤ ਰੂਪ ਵਿੱਚ ਖੂਨਦਾਨ ਕਰਦੇ ਆ ਰਹੇ ਹਾਂ ਤੇ ਵਿੱਚ ਜੇਕਰ ਕੋਈ ਲੋੜਵੰਦ ਮਿਲਦਾ ਹੈ ਤਾਂ ਉਸ ਲਈ ਵੀ ਖੂਨਦਾਨ ਕਰਦੇ ਰਹਿੰਦੇ ਹਾਂ। ਉਨ੍ਹਾਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਵਿੱਚ ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਦਾ ਵੱਡਾ ਹੱਥ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸਿਵਲ ਸੁਸਾਇਟੀ ਮੋਗਾ ਵੱਲੋਂ ਉਕਤ ਦੋਹਾਂ ਖੂਨਦਾਨੀਆਂ ਨੂੰ ਵਧਾਈ ਦਿੰਦਿਆਂ ਸਟੇਟ ਐਵਾਰਡੀ ਮਹਿੰਦਰ ਪਾਲ ਲੂੰਬਾ ਅਤੇ ਐਡਵਾਈਜਰ ਅਜੇ ਗੋਰਾ ਸੂਦ ਨੇ ਕਿਹਾ ਕਿ ਖੂਨਦਾਨੀ ਸਾਡੇ ਅਸਲ ਹੀਰੋ ਹਨ ਤੇ ਖੂਨਦਾਨ ਸਭ ਤੋਂ ਉਤਮ ਦਾਨ ਹੈ, ਇਸ ਲਈ ਸਾਨੂੰ ਮੌਕਾ ਮਿਲਣ ਤੇ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।





