ਅੰਮ੍ਰਿਤਸਰ ਸਾਹਿਬ ,20 ਮਈ (ਜਸ਼ਨ )ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਮਗਲਿੰਗ ਮਾਡਿਊਲ ਦਾ ਭੰਡਾਫੋੜ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਕਿਲੋ ICE ਯਾਨੀ ਮੈਥਾਮਫੈਟਾਮਾਈਨ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਨੈੱਟਵਰਕ ਦੁਬਈ ਤੋਂ ਚਲਾਇਆ ਜਾ ਰਿਹਾ ਸੀ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਤਹਿਤ ਇਹ ਵੱਡੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਇੱਕ ਵੱਡੇ ਡਰੱਗ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਭਾਰੀ ਮਾਤਰਾ ਵਿੱਚ ICE ਅਤੇ ਹੈਰੋਇਨ ਬਰਾਮਦ ਹੋਈ ਹੈ।
ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਅੰਤਰਰਾਸ਼ਟਰੀ ਡਰੱਗ ਤਸਕਰਾਂ ਦੇ ਸੰਪਰਕ ਵਿੱਚ ਸਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦਾ ਸੰਬੰਧ ਦੁਬਈ ਖੇਤਰ ਨਾਲ ਸੀ ਜਦਕਿ ਦੂਜਾ ਮਾਝਾ ਖੇਤਰ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੂਰਾ ਨੈੱਟਵਰਕ ਦੁਬਈ ਵਿੱਚ ਬੈਠੇ ਇੱਕ ਡਰੱਗ ਸਮਗਲਰ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਕਾਫ਼ੀ ਸਮੇਂ ਤੋਂ ਇਸ ਖੇਤਰ ਵਿੱਚ ਸਰਗਰਮ ਸੀ।
ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ। ਉੱਥੇ ਉਸ ਨੂੰ ਡਰੱਗ ਤਸਕਰੀ ਨਾਲ ਜੁੜੀ ਟ੍ਰੇਨਿੰਗ ਦਿੱਤੀ ਗਈ ਸੀ। ਉਸ ਨੂੰ ਸਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਲੁਕਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਇਆ ਜਾਵੇ ਅਤੇ ਪੁਲਿਸ ਤੋਂ ਬਚਦੇ ਹੋਏ ਸਪਲਾਈ ਨੈੱਟਵਰਕ ਚਲਾਇਆ ਜਾਵੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਮਜ਼ਦੂਰੀ ਅਤੇ ਮੈਡੀਕਲ ਰਿਪ੍ਰਜ਼ੈਂਟੇਟਿਵ ਦਾ ਕੰਮ ਕਰਦਾ ਸੀ, ਪਰ ਜਲਦੀ ਪੈਸਾ ਕਮਾਉਣ ਦੇ ਲਾਲਚ ਵਿੱਚ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜ ਗਿਆ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੰਜਾਬ ਦੇ ਮਾਝਾ ਅਤੇ ਦੋਆਬਾ ਖੇਤਰਾਂ ਤੋਂ ਇਲਾਵਾ ਦਿੱਲੀ ਤੱਕ ਨਸ਼ੇ ਦੀ ਸਪਲਾਈ ਕਰ ਰਹੇ ਸਨ। ਮੁਲਜ਼ਮਾਂ ਵਿੱਚੋਂ ਇੱਕ ਦਾ ਮੁੱਖ ਕੰਮ ਨਸ਼ੇ ਦੀ ਖੇਪ ਨੂੰ ਸੁਰੱਖਿਅਤ ਤਰੀਕੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣਾ ਸੀ, ਜਦਕਿ ਦੂਜਾ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਸਟੋਰੇਜ ਅਤੇ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ NDPS ਐਕਟ ਅਤੇ ਫਾਇਰਿੰਗ ਨਾਲ ਜੁੜੇ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਪੂਰੇ ਨੈੱਟਵਰਕ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਿਰੋਹ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਪੂਰੇ ਆਪਰੇਸ਼ਨ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ, ਏਡੀਸੀਪੀ ਕਮਲਜੀਤ ਸਿੰਘ ਅਤੇ ਥਾਣਾ ਛੇਹਰਟਾ ਦੇ SHO ਬਲਵਿੰਦਰ ਸਿੰਘ ਦੀ ਟੀਮ ਨੇ ਅੰਜਾਮ ਦਿੱਤਾ ਹੈ। ਪੁਲਿਸ ਕਮਿਸ਼ਨਰ ਨੇ ਪੂਰੀ ਟੀਮ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ NDPS ਐਕਟ ਤਹਿਤ 50 ਗ੍ਰਾਮ ਨਸ਼ੀਲਾ ਪਦਾਰਥ ਵੀ ਕਮਰਸ਼ੀਅਲ ਕੈਟਾਗਰੀ ਵਿੱਚ ਆਉਂਦਾ ਹੈ, ਜਦਕਿ ਇਸ ਮਾਮਲੇ ਵਿੱਚ ਭਾਰੀ ਮਾਤਰਾ ਵਿੱਚ ICE ਅਤੇ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਨੈੱਟਵਰਕ ਕਿੰਨੇ ਵੱਡੇ ਪੱਧਰ ‘ਤੇ ਕੰਮ ਕਰ ਰਿਹਾ ਸੀ।
ਫਿਲਹਾਲ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਪੂਰੇ ਨੈੱਟਵਰਕ ਦੀਆਂ ਅੰਤਰਰਾਸ਼ਟਰੀ ਕੜੀਆਂ ਦੀ ਜਾਂਚ ਕਰ ਰਹੀ ਹੈ।



