ਮੋਗਾ 1 ਅਕਤੂਬਰ(ਹਰਦੀਪ ਸਿੰਘ / ਜਸ਼ਨ ) ਉਘੇ ਹਾਸਵਿਅੰਗ ਲੇਖਕ ਸ੍ਰੀ ਕੇ ਐਲ ਗਰਗ ਬੀਤੇ ਦਿਨ ਲੁਧਿਆਣਾ ਵਿਖੇ ਸਦਾ ਲਈ ਵਿਛੋੜਾ ਦੇ ਗਏ ਸਨ। ਅੱਜ ਗਾਂਧੀ ਰੋੜ ਤੇ ਸਥਿਤ ਸਮਸ਼ਾਨਘਾਟ ਵਿਖੇ ਹਜਾਰਾਂ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਦੀ ਚਿਤਾ ਨੂੰ ਅਮਰੀਕਾ ਤੋੰ ਆਏ ਪੁੱਤਰ ਗਗਨਦੀਪ ਨੇ ਅਗਨੀ ਦਿਖਾਈ।
ਸ੍ਰੀ ਕੇ ਐਲ ਗਰਗ ਜਿਸਨੇ ਧੂਰੀ ਵਿਚ ਜਨਮ ਲਿਆ ਤੇ ਮੋਗਾ ਆਕੇ ਹਜਾਰਾਂ ਬੱਚਿਆਂ ਦਾ ਭਵਿੱਖ ਬਣਾਉਣ ਤੋ ਇਲਾਵਾ ਹਾਸ ਵਿਅੰਗ ਦੀ ਦੁਨੀਆ ਵਿੱਚ ਬਹੁਤ ਉੱਚਾ ਸਥਾਨ ਪ੍ਰਾਪਤ ਕੀਤਾ ਅਤੇ ਦੁਨੀਆਂ ਭਰ ਵਿੱਚ ਵੀ ਖੂਬ ਨਾਮ ਕਮਾਇਆ।
ਉਸ ਨੇ ਹਾਸ ਵਿਅੰਗ ਦੀਆਂ 80 ਤੋ ਜਿਆਦਾ ਕਿਤਾਬਾਂ ਲਿਖੀਆਂ ਅਤੇ ਮੋਗਾ ਹੀ ਨਹੀ ਦੇਸ਼ ਵਿਦੇਸ਼ ਤੱਕ ਅਖਬਾਰਾਂ ਰਾਂਹੀ ਹਾਸ ਵਿਅੰਗ ਦੀ ਖਸ਼ਬੂ ਵਿਖੇਰੀ।
ਉਹਨਾਂ ਬਤੌਰ ਅਧਿਆਪਕ ਬਹੁਤ ਦਿਆਨਦਾਰੀ ਨਾਲ ਕੰਮ ਕੀਤਾ। ਮੈਨਜਮੈਂਟ ਨਾਲ ਬੇਸ਼ਕ ਘੱਟ ਬਣਦੀ ਸੀ ਪਰ ਵਿਦਿਆਰਥੀਆਂ ਵਿੱਚ ਹਰਮਨ ਪਿਆਰੇ ਰਹੇ।
ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਤੇ ਸਫ਼ਰਨਾਮਾ 'ਵਾਟਾਂ ਦੂਜੇ ਦੇਸ਼ ਦੀਆਂ ਅਤੇ ਦੂਜਾ ਪਾਸਾ ਲਿਖਿਆ। ਉਹ ਪਿਆਰਾ ਸਿੰਘ ਦਾਤਾ ਹਾਸ ਵਿਅੰਗ ਦੇ ਬਾਦਸ਼ਾਹ ਦੀ ਯਾਦ ਵਿਚ ਹਰ ਸਾਲ ਗੋਸ਼ਠੀ/ਸਮਾਗਮ ਕਰਵਾਉਂਦੇ ਸਨ। ਉਹ ਨਰਮ ਸੁਭਾਅ ਦੇ ਮਾਲਕ, ਬਹੁਤ ਹੀ ਮਿਲਾਪੜੇ ਅਤੇ ਹਸਮੁਖ ਸੁਭਾਅ ਦੇ ਮਾਲਕ ਸਨ।
ਉਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਧਰਮ ਪਤਨੀ ਬਹੁਤ ਵੱਡਾ ਯੋਗਦਾਨ ਰਿਹਾ ।ਉਹ ਆਪਣੇ ਪਿੱਛੇ ਧਰਮ ਪਤਨੀ ਸ਼੍ਰੀ ਮਤੀ ਜਨਕ ਰਾਨੀ ਦੋ ਸਪੁੱਤਰੀਆਂ ਕਰੁਨਾ ਅਗਰਵਾਲ ਅਤੇ ਰੇਨੂੰ ਅਤੇ ਇਕ ਬੇਟਾ ਗਗਨਦੀਪ ਛੱਡ ਗਏ ਹਨ।
ਲੇਖਕ ਗੁਰਭਜਨ ਗਿੱਲ ਅਤੇ ਅਮਰੀਕ ਤਲਵੰਡੀ ਨੇ ਕਿਹਾ
ਕਿ ਗਰਗ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ। ਉਘੇ ਲੇਖਕ ਅਮਰ ਸੂਫੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰਗ ਦੇ ਜਾਣ ਨਾਲ ਵਿਅੰਗ ਦੇ ਖੇਤਰ ਵਿਚ ਪੈਦਾ ਹੋਏ ਖਲਾਅ ਨੂੰ ਪੂਰਨਾ ਅਸੰਭਵ ਹੈ।
ਅਮਰੀਕਾ ਤੋਂ ਉਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਨੇ ਕਿਹਾ ਕਿ ਜਿਸਮਾਨੀ ਤੌਰ ਤੇ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਰਚਨਾਵਾਂ ਰਾਹੀ ਸਦਾ ਹੀ ਜਿੰਦਾ ਰਹਿਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਗਾ,ਸਾਬਕਾ ਚੇਅਰਮੈਨ ਅਮਰਜੀਤ
ਸਿੰਘ ਲੰਢੇਕੇ ,ਦੇਵਿੰਦਰ ਸਿੰਘ ਰਣੀਆ ਨੇ ਵੀ ਗਰਗ ਦੇ ਜਾਣ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਸਮਸ਼ਾਨਘਾਟ ਵਿਖੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਉਘੀ ਸਮਾਜ ਸੇਵਿਕਾ ਤੇ ਕਾਂਗਰਸ ਦੀ ਹਲਕਾ ਇੰਨਚਾਰਜ ਮਾਲਵਿਕਾ ਸੂਦ, ਡਾ ਪਵਨ ਥਾਪਰ,ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਅਜੈ ਗੋਰਾ ਸੂਦ ,ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਪ੍ਰਿੰਸੀਪਲ ਦਰਸ਼ਨ ਸਿੰਘ , ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਲੇਖਕ ਪਰਮਜੀਤ ਸਿੰਘ ਚੂਹੜਚੱਕ ,ਡਾਕਟਰ ਸੁਰਜੀਤ ਬਰਾੜ, ਡਾ ਬਲਦੇਵ ਸਿੰਘ ਢਿਲੋ ਪ੍ਰਧਾਨ ਲਿਖਾਰੀ ਸਭਾ, ਅਜੈ ਸੂਦ , ਕਿ੍ਸ਼ਨ ਕੁਮਾਰ ਸੂਦ, ਗ਼ਜ਼ਲ ਗਾਇਕ ਹਰਪ੍ਰੀਤ ਸਿੰਘ ,ਜਤਿੰਦਰਪਾਲ ਖੰਨਾ, ਡਾ ਰਾਜ ਕੁਮਾਰ ਗਰਗ, ਕਹਾਣੀਕਾਰ ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਕੜਿਆਲ ਰੱਖੜਾ, ਪ੍ਰੇਮ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਪਾਠਕ ਤੇ ਉਹਨਾਂ ਦੇ ਪਰਸੰਸਕ ਹਾਜਰ ਸਨ। ਜਿਹਨਾਂ ਸੰਸਥਾਵਾਂ ਵਿਚ ਗਰਗ ਸਾਹਿਬ ਨੇ ਬਤੌਰ ਅਧਿਆਪਕ ਕੰਮ ਕੀਤਾ ਉਹਨਾਂ ਵਲੋ, ਸਾਹਿਤਕ ਸਭਾਵਾਂ ਤੇ ਸੰਸਥਾਵਾਂ ਵਲੋ ਫੁੱਲ ਮਲਾਵਾ ਤੇ ਦੁਸਾਲੇ ਭੇਟ ਕੀਤੇ ਗਏ।

ਉੱਘੇ ਸਮਾਜ ਸੇਵੀ ਅਜੈ ਗੋਰਾ ਸੂਦ ਦੁਸ਼ਾਲਾ ਭੇਟ ਕਰਦੇ ਹੋਏ