ਲੁਧਿਆਣਾ: 17 ਨਵੰਬਰ(ਜਸ਼ਨ )
ਜ਼ਿਲ੍ਹਾ ਫੀਰੋਜ਼ਪੁਰ ਦੇ ਪਿੰਡ ਗਾਮੂੰਵਾਲਾ ਦੇ ਜੰਮਪਲ ਤੇ ਤੇਰਾਂ ਸਾਲ ਪਹਿਲਾ ਵਿੱਛੜੇ ਪੰਜਾਬੀ ਕਵੀ ਸੋਹਨਦੀਪ ਥਿੰਦ ਦੀ ਮਰਨ ਉਪਰੰਤ ਛਪੀ ਇਕਲੌਤੀ ਕਾਵਿ ਪੁਸਤਕ “ਮੁਖ਼ਾਤਿਬ ਹਾਂ ਮੈਂ” ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਲ਼ੌਕਿਕ ਅੰਦਾਜ਼ ਸੀ। ਇਹ ਕਿਤਾਬ ਸੋਹਨਦੀਪ ਦੀ ਭਾਵੇਂ ਆਖਰੀ ਨਿਸ਼ਾਨੀ ਹੈ ਪਰ ਥੋੜੀਆਂ ਕਵਿਤਾਵਾਂ ਹੀ ਵਡੇਰੇ ਮੁੱਲਵਾਨ ਅਰਥਾਂ ਵਾਲੀਆਂ ਹਨ। ਮੇਰੀ ਸੋਹਨਦੀਪ ਨਾਲ ਪਹਿਲੀ ਤੇ ਆਖਰੀ ਮੁਲਾਕਾਤ 2012 ਵਿੱਚ ਡੀ ਏ ਵੀ ਕਾਲਿਜ ਅਬੋਹਰ ਦੇ ਸਾਹਿੱਤਕ ਸਮਾਗਮ ਵਿੱਚ ਹੋਈ। ਉਸ ਦੀਆਂ ਲੋਕ ਬੋਲੀਆਂ ਤੇ ਕਵਿਤਾਵਾਂ ਨੇ ਮੈਨੂੰ ਏਨਾ ਕੀਲਿਆ ਕਿ ਉਸਨੂੰ ਮੰਚ ਤੇ ਬੋਲਦਿਆਂ ਹੀ ਬੇਕਾਬੂ ਹੋ ਕੇ ਖ਼ੁਦ ਨੂੰ ਮਿਲਿਆ ਦੋਸ਼ਾਲਾ ਉਸ ਦੇ ਮੋਢਿਆਂ ਤੇ ਪਾ ਕੇ ਮੱਥਾ ਚੁੰਮਿਆ ਸੀ। ਉਹ ਛੋਹ ਅੱਜ ਵੀ ਸੱਜਰੀ ਹੈ।
ਮੈਨੂੰ ਇਹ ਦੱਸਦਿਆਂ ਵੀ ਤਸੱਲੀ ਹੋ ਰਹੀ ਹੈ ਕਿ ਉਸ ਦੀ ਇੱਕ ਬੋਲੀ” ਕਹਿੰਦੇ ਰਾਜ ਨਹੀਂ ਕਰਾਂਗੇ ਸੇਵਾ, ਬੜੇ ਹੀ ਸੁਲੱਗ ਨਿਕਲੇ। ਚੂੰਡ ਚੂੰਡ ਕੇ ਖ਼ਜ਼ਾਨਾ ਸਾਰਾ ਖਾ ਲਿਆ, ਇਹ ਤਾਂ ਮਿਲੀ ਬੰਗ ਨਿਕਲੇ”। ਇਹ ਦੱਸਣਾ ਜ਼ਰੂਰੀ ਹੈ ਕਿ ਮਿਲੀ ਬੱਗ ਕਪਾਹ ਨੂੰ ਲੱਗਦਾ ਕੀੜਾ ਹੈ ਜੋ ਬੂਟੇ ਨਾਲ ਚਿਪਕ ਕੇ ਬੂਟੇ ਦਾ ਸੱਤਿਆਨਾਸ ਕਰ ਦੇਂਦਾ ਹੈ। ਇਹ ਵਿਅੰਗ ਧਰਤੀ ਦੀ ਜ਼ਬਾਨ ਵਿੱਚ ਲੋਕ ਪੀੜਾ ਦਾ ਡੂੰਘਾ ਵਿਆਖਿਆਨ ਹੈ।
ਇਸ ਪੁਸਤਕ ਦੀ ਸੰਪਾਦਨਾ ਪ੍ਰੋ. ਜਸਪਾਲ ਘਈ ਤੇ ਹਰਮੀਤ ਵਿਦਿਆਰਥੀ ਨੇ ਕੀਤੀ ਹੈ। ਹਰਮੀਤ ਵਿਦਿਆਰਥੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਬਹੁਤ ਖੂਬਸੂਰਤ ਅੰਦਾਜ਼ ਵਿੱਚ ਛਾਪੀ ਇਸ ਕਿਤਾਬ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਲੁਧਿਆਣਾ ਪਹੁੰਚ ਕੇ ਭੇਂਟ ਕੀਤੀ।
ਇਸ ਮੌਕੇ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸੋਹਨਦੀਪ ਸਿਰਫ਼ ਕਵੀ ਨਹੀਂ ਸੀ ਸਗੋਂ ਜਲਾਲਾਬਾਦ ਇਲਾਕੇ ਦਾ ਰੌਸ਼ਨ ਸਾਹਿੱਤਕ ਚਿਰਾਗ ਸੀ, ਜਿਸਨੂੰ ਕੈਂਸਰ ਰੋਗ ਨਿੱਕੀ ਉਮਰੇ ਲੈ ਗਿਆ। ਸਿਰਫ਼ 43 ਸਾਲ ਦੀ ਅਉਧ ਹੰਢਾ ਕੇ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇਸ ਕਿਤਾਬ ਦਾ ਮੁੱਖ ਬੰਦ ਪ੍ਰੋ. ਜਸਪਾਲ ਘਈ ਤੇ ਹਰਮੀਤ ਵਿਦਿਆਰਥੀ ਨੇ ਲਿਖਿਆ ਹੈ।
ਖ਼ਬਰਾਂ
"ਕਹਿੰਦੇ ਰਾਜ ਨਹੀਂ ਕਰਾਂਗੇ ਸੇਵਾ, ਬੜੇ ਹੀ ਸੁਲੱਗ ਨਿਕਲੇ; ਚੂੰਡ ਚੂੰਡ ਕੇ ਖ਼ਜ਼ਾਨਾ ਸਾਰਾ ਖਾ ਲਿਆ, ਇਹ ਤਾਂ ਮਿਲੀ ਬੱਗ ਨਿਕਲੇ"ਦੇ ਲੇਖਕ ਦੀ ਕਿਤਾਬ ਲੋਕ ਅਰਪਣ
* ਸਵਰਗੀ ਕਵੀ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਲੋਕ - ਪੱਖੀ ਕਾਵਿ ਅੰਦਾਜ਼ ਸੀ- ਪ੍ਹੋ. ਗੁਰਭਜਨ ਸਿੰਘ ਗਿੱਲ
17 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



