ਨਿਊਯਾਰਕ (ਸਿੰਘ ਜੀਤ )- ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਹੋਣ ਵਾਲੇ ਸਮਾਗਮ ਵਿਰੁੱਧ ਨਿਊਯਾਰਕ ਵਿੱਚ ਵਿਰੋਧ ਤੇਜ਼ ਹੋ ਗਿਆ ਹੈ। ਮੇਅਰ ਜ਼ੋਹਰਾਨ ਮਮਦਾਨੀ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਨਾਗਰਿਕ ਅਧਿਕਾਰ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ।

ਮਮਦਾਨੀ ਨੇ ਕਿਹਾ ਕਿ ਉਹ ਇਸ ਸਮਾਗਮ ਦਾ ਸਮਰਥਨ ਨਹੀਂ ਕਰਦੇ। ਹਾਲਾਂਕਿ ਕਿਸੇ ਨਿੱਜੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਕਾਨੂੰਨੀ ਅਧਿਕਾਰ ਸ਼ਹਿਰ ਕੋਲ ਹੈ ਜਾਂ ਨਹੀਂ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਇਕ ਧਰਮਨਿਰਪੱਖ ਅਤੇ ਬਹੁ-ਸੱਭਿਆਚਾਰਕ ਦੇਸ਼ ਵਜੋਂ ਜਾਣਿਆ ਹੈ, ਜਿੱਥੇ ਹਰ ਧਰਮ ਅਤੇ ਪਿਛੋਕੜ ਦੇ ਵਿਅਕਤੀ ਨੂੰ ਬਰਾਬਰ ਸਥਾਨ ਮਿਲਦਾ ਹੈ।

ਮੇਅਰ ਨੇ ਕਿਹਾ ਕਿ ਰੰਗ, ਧਰਮ ਜਾਂ ਵਿਸ਼ਵਾਸ ਦੇ ਆਧਾਰ ਉੱਤੇ ਲੋਕਾਂ ਨੂੰ ਵੰਡਣ ਵਾਲੀ ਸੋਚ ਦਾ ਉਹ ਭਾਰਤੀ-ਅਮਰੀਕੀ ਅਤੇ ਨਿਊਯਾਰਕ ਦੇ ਮੇਅਰ ਦੋਵਾਂ ਰੂਪਾਂ ਵਿੱਚ ਵਿਰੋਧ ਕਰਦੇ ਹਨ।

ਨਿਊਯਾਰਕ ਸਿਟੀ ਹਾਲ ਦੇ ਬਾਹਰ ‘ਨਫ਼ਰਤ ਲਈ ਕੋਈ ਮੰਚ ਨਹੀਂ’ ਦੇ ਨਾਅਰੇ ਹੇਠ ਹੋਏ ਪ੍ਰਦਰਸ਼ਨ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਦਲਿਤ ਅਤੇ ਅੰਤਰ-ਧਰਮ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਨ੍ਹਾਂ ਜਥੇਬੰਦੀਆਂ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਪ੍ਰਬੰਧਕਾਂ ਨੂੰ ਸਮਾਗਮ ਰੱਦ ਕਰਨ ਦੀ ਅਪੀਲ ਕੀਤੀ।

ਅਮਰੀਕੀ ਕਾਂਗਰਸ ਦੀ ਚੋਣ ਲਈ ਡੈਮੋਕ੍ਰੇਟਿਕ ਉਮੀਦਵਾਰ ਬ੍ਰੈਡ ਲੈਂਡਰ ਨੇ ਕਿਹਾ ਕਿ ਧਰਮ ਦੇ ਨਾਂ ਉੱਤੇ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲੀ ਸੋਚ ਲਈ ਨਿਊਯਾਰਕ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮੁਤਾਬਕ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਦੀ ਸੁਰੱਖਿਆ ਇਕ-ਦੂਜੇ ਨਾਲ ਜੁੜੀ ਹੋਈ ਹੈ।

ਸਿੱਖ ਕੌਂਸਲ ਨਿਊਯਾਰਕ ਦੇ ਸੰਸਥਾਪਕ ਜਪਨੀਤ ਸਿੰਘ ਨੇ ਕਿਹਾ ਕਿ ਇਹ ਵਿਰੋਧ ਹਿੰਦੂ ਧਰਮ ਜਾਂ ਹਿੰਦੂ ਭਾਈਚਾਰੇ ਵਿਰੁੱਧ ਨਹੀਂ ਹੈ। ਉਨ੍ਹਾਂ ਮੁਤਾਬਕ ਮਾਮਲਾ ਲੋਕਤੰਤਰ, ਬਰਾਬਰੀ, ਧਾਰਮਿਕ ਆਜ਼ਾਦੀ ਅਤੇ ਨਿਊਯਾਰਕ ਦੇ ਬਹੁ-ਸੱਭਿਆਚਾਰਕ ਸਰੂਪ ਦੀ ਰੱਖਿਆ ਨਾਲ ਜੁੜਿਆ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੋਹਨ ਭਾਗਵਤ ਦੇ ਦੌਰੇ ਵਿਰੁੱਧ 29 ਅਗਸਤ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ 8 ਸਤੰਬਰ 2018 ਨੂੰ ਸ਼ਿਕਾਗੋ ਵਿੱਚ ਵੀ ਭਾਗਵਤ ਦੇ ਦੌਰੇ ਦਾ ਵਿਰੋਧ ਕੀਤਾ ਗਿਆ ਸੀ ਅਤੇ ਇਸ ਵਾਰ ਨਿਊਯਾਰਕ ਵਿੱਚ ਵੀ ਉਸੇ ਤਰ੍ਹਾਂ ਆਵਾਜ਼ ਉਠਾਈ ਜਾਵੇਗੀ। ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਅਤੇ ਸਹਿਯੋਗੀ ਜਥੇਬੰਦੀਆਂ ਨੂੰ ਵਿਰੋਧ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਕੁਝ ਮੈਂਬਰਾਂ ਨੇ ਵੀ ਅਮਰੀਕੀ ਆਗੂਆਂ ਨੂੰ ਭਾਗਵਤ ਨਾਲ ਉੱਚ ਪੱਧਰੀ ਮੁਲਾਕਾਤਾਂ ਨਾ ਕਰਨ ਦੀ ਅਪੀਲ ਕੀਤੀ ਹੈ। ਕਮਿਸ਼ਨ ਦੀ ਰਿਪੋਰਟ ਵਿੱਚ ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਆਰਐੱਸਐੱਸ ਮੈਂਬਰਾਂ ਵਿਰੁੱਧ ਪਾਬੰਦੀਆਂ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ।

ਦੂਜੇ ਪਾਸੇ, ਸਮਾਗਮ ਦੇ ਪ੍ਰਬੰਧਕ ਏਹੈੱਡ ਫੋਰਮ ਨੇ ਆਲੋਚਨਾ ਨੂੰ ਰੱਦ ਕੀਤਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ 29 ਅਗਸਤ ਦਾ ‘ਯੂਨੀਵਰਸਲ ਓਨਨੈੱਸ ਸੈਲੀਬ੍ਰੇਸ਼ਨ’ ਆਪਸੀ ਸਤਿਕਾਰ, ਏਕਤਾ ਅਤੇ ‘ਵਸੁਧੈਵ ਕੁਟੁੰਬਕਮ’ ਦੇ ਸੰਦੇਸ਼ ਨੂੰ ਸਮਰਪਿਤ ਹੈ।ਆਰਐੱਸਐੱਸ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ ਕਈ ਹਿੰਦੂ-ਅਮਰੀਕੀ ਸੰਸਥਾਵਾਂ ਦਾ ਸਮਰਥਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਫਿਲਹਾਲ ਸਮਾਗਮ ਰੱਦ ਨਹੀਂ ਹੋਇਆ ਹੈ। ਸਮਰਥਕ ਇਸ ਨੂੰ ਏਕਤਾ ਦਾ ਮੰਚ ਦੱਸ ਰਹੇ ਹਨ, ਜਦਕਿ ਵਿਰੋਧੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਦੀ ਪਛਾਣ ਬਰਾਬਰੀ, ਧਾਰਮਿਕ ਆਜ਼ਾਦੀ ਅਤੇ ਹਰ ਭਾਈਚਾਰੇ ਦੀ ਸੁਰੱਖਿਆ ਨਾਲ ਹੈ।