ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਵੱਲੋਂ ਸੀ.ਐੱਸ.ਸੀ. ਸੈਂਟਰਾਂ ਰਾਹੀਂ ਬਿਨਾਂ ਫੀਸ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
ਫ਼ਿਰੋਜ਼ਪੁਰ:
ਜ਼ੀਰਾ 3 ਸਤੰਬਰ (ਤੀਰਥ ਸਨੇਰ੍ਹ ): ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਗਰੀਸਟੈਕ ਫ਼ਾਰਮਰ ਰਜਿਸਟਰੀ (ਤਹਿਤ ਜ਼ਿਲ੍ਹੇ ਦੇ ਸਮੂਹ ਯੋਗ ਕਿਸਾਨਾਂ ਦੀ 'ਫ਼ਾਰਮਰ ਆਈ.ਡੀ.' ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਹ ਆਈ.ਡੀ. ਜ਼ਿਲ੍ਹੇ ਦੇ ਵੱਖ-ਵੱਖ ਕਾਮਨ ਸਰਵਿਸ ਸੈਂਟਰਾਂਰਾਹੀਂ ਕਿਸਾਨਾਂ ਲਈ ਬਿਨਾਂ ਕਿਸੇ ਫੀਸ ਦੇ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਨਿਰੰਤਰ ਲਾਭ ਪ੍ਰਾਪਤ ਕਰਨ ਲਈ ਹਰੇਕ ਯੋਗ ਕਿਸਾਨ ਦੀ ਫ਼ਾਰਮਰ ਆਈ.ਡੀ. ਨੂੰ ਪੀ.ਐੱਮ.-ਕਿਸਾਨ ਡਾਟਾਬੇਸ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਹੀ ਕਿਸਾਨਾਂ ਨੂੰ ਆਉਣ ਵਾਲੀ 2,000 ਰੁਪਏ ਦੀ ਅਗਲੀ ਕਿਸ਼ਤ ਜਾਰੀ ਹੋਣ ਸਮੇਂ ਸਮੇਂ-ਸਿਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਲਾਭ ਮਿਲ ਸਕੇਗਾ। ਜਿਨ੍ਹਾਂ ਕਿਸਾਨਾਂ ਦੀ ਫ਼ਾਰਮਰ ਆਈ.ਡੀ. ਤਿਆਰ ਨਹੀਂ ਹੋਵੇਗੀ, ਉਨ੍ਹਾਂ ਦੀ ਕਿਸ਼ਤ ਰੁਕਣ ਦਾ ਖਦਸ਼ਾ ਬਣਿਆ ਰਹੇਗਾ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਪਿੰਡ ਜਾਂ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ.) ਵਿਖੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਉਣ। ਫ਼ਾਰਮਰ ਆਈ.ਡੀ. ਬਣਾਉਣ ਲਈ ਕਿਸਾਨਾਂ ਨੂੰ ਹੇਠ ਲਿਖੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਜਾਣੇ ਹੋਣਗੇ ਆਧਾਰ ਕਾਰਡ, ਜ਼ਮੀਨ ਦੀ ਫ਼ਰਦ ਦੀ ਕਾਪੀ, ਆਧਾਰ ਨਾਲ ਲਿੰਕ ਮੋਬਾਈਲ ਨੰਬਰ। ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ। ਇਸ ਨਾਲ ਨਾ ਸਿਰਫ਼ ਪੀ.ਐੱਮ.-ਕਿਸਾਨ ਨਿਧੀ ਦੀਆਂ ਕਿਸ਼ਤਾਂ ਬਿਨਾਂ ਰੁਕਾਵਟ ਮਿਲਣਗੀਆਂ, ਬਲਕਿ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਲਈ ਚਲਾਈਆਂ ਜਾ ਰਹੀਆਂ ਹੋਰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸਕੀਮਾਂ ਦਾ ਲਾਭ ਵੀ ਕਿਸਾਨਾਂ ਨੂੰ ਸਮੇਂ ਸਿਰ ਮਿਲਣਾ ਯਕੀਨੀ ਹੋਵੇਗਾ।