ਤਰਨਤਾਰਨ,2 ਜੂਨ (ਅਮਿਤ ਮਰਵਾਹਾ)
ਸੇਵਾ ਕੇਂਦਰ ਯੂਨੀਅਨ ਦੇ ਮੁਲਾਜਮਾਂ ਵੱਲੋਂ ਤਰਨਤਾਰਨ ਡੀ.ਸੀ ਦਫ਼ਤਤ ਅੱਗੇ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਪ੍ਰਧਾਨ ਗੁਰਸੇਵਕ ਸਿੰਘ ਲਾਲੂ ਘੁੰਮਣ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਓਹਨਾ ਦੀਆ ਮੰਗਾ ਮੰਨਣ ਦੀ ਬਜਾਏ ਓਹਨਾ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਅਜੇ ਵੀ ਸਰਕਾਰ ਨੇ ਸਾਡੇ ਤੇ ਦਬਾਅ ਪਾਉਣਾ ਬੰਦ ਨਾ ਕੀਤਾ ਤਾਂ ਅਸੀ ਸਰਕਾਰ ਦਾ ਡੱਟ ਕੇ ਵਿਰੋਧ ਕਰਾਗੇ ਓਹਨਾ ਕਿਹਾ ਕੇ ਜੋ ਸਰਕਾਰ ਅਤੇ ਕੰਪਨੀ ਵੱਲੋਂ ਕੰਟੈਰਕਟ ਬੰਦ ਕਰਨ ਦੀਆ ਧਮਕੀਆਂ ਦੇਣੀਆਂ ਬੰਦ ਨਾ ਕੀਤੀਆਂ ਤੇ ਆਉਣ ਵਾਲੇ ਸਮੇਂ ਵਿੱਚ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਦੇ ਵਿਰੋਧ ਵਿੱਚ ਮੁਹਿੰਮ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਅਖਬਾਰਾਂ ਦੀਆ ਸੁਰਖੀਆਂ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕੇ ਆਮ ਆਦਮੀ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ 65,000 ਹਜਾਰ ਮੁਲਾਜਮ ਪੱਕੇ ਕੀਤੇ ਗਏ ਹਨ, ਉਹਨਾਂ ਵਿਚ ਸੇਵਾ ਕੇਂਦਰ ਮੁਲਾਜਮਾਂ ਦਾ ਨਾਮ ਨਹੀਂ ਆਇਆ। ਬਲਾਕ ਪ੍ਰਧਾਨ ਨਿਰਵੈਲ ਸਿੰਘ ਨੇ ਦੱਸਿਆ ਕਿ ਅਸਲ ਹਕੀਕਤ ਵਿੱਚ ਆਮ ਆਦਮੀ ਸਰਕਾਰ ਸਿਰਫ ਐਲਾਨ ਹੀ ਕਰਦੀ ਹੈ। ਇਸ ਸਮੇ ਮੀਡੀਆ ਸਲਾਹਕਾਰ ਜਗਪ੍ਰੀਤ ਸਿੰਘ ਨੇ ਦੱਸਿਆ ਕੇ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋ ਸਭ ਤੋਂ ਨਿਕੰਮੀ ਸਰਕਾਰ ਹੈ। ਪਹਿਲਾ ਪਿਛਲੇ 10 ਸਾਲ ਪਹਿਲੀਆਂ ਸਰਕਾਰਾਂ ਨੇ ਸੇਵਾ ਕੇਂਦਰ ਮੁਲਾਜਮਾਂ ਦੀ ਸਾਰ ਨਹੀਂ ਲਈ, ਜਿਸ ਕਰਕੇ ਇਹਨਾਂ ਤੋਂ ਅੱਕ ਕੇ ਮੁਲਜਮਾਂ ਨੂੰ ਸੜਕਾਂ ਤੇ ਉਤਰਨਾ ਪਿਆ ਹੈ। ਅਸਲ ਵਿੱਚ ਲੋਕਾਂ ਦੀ ਖਜਲ ਖਰਾਬੀ ਦਾ ਕਾਰਨ ਸਰਕਾਰ ਵੱਲੋਂ ਸੇਵਾ ਕੇਂਦਰ ਦੇ ਮੁਲਾਜਮਾਂ ਦੀਆ ਮੰਗਾ ਨਾ ਮੰਨਣਾ ਹੈ। ਉਹਨਾਂ ਕਿਹਾ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਅਸੀਂ ਆਪਣੇ ਧਰਨੇ ਦੀ ਰੂਪ ਰੇਖਾ ਬਦਲ ਕੇ ਆਪਣੀ ਮੁਹਿੰਮ ਨੂੰ ਹੋਰ ਤੇਜ ਕਰਾਂਗੇ। ਜੇਕਰ ਸਰਕਾਰ ਸਾਡੀ ਜਗਾ ਤੇ ਨਵੇਂ ਕਰਮਚਾਰੀ ਭਰਤੀ ਕਰੇਗੀ ਤਾਂ ਤਿੰਨ ਜੂਨ ਨੂੰ ਰੋਜਗਾਰ ਦਫ਼ਤਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਗੌਰਵਦੀਪ ਸਿੰਘ ਵਲਟੋਹਾ,ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਹਨਾਂ ਦੇ ਪਤੀ ਅਵਤਾਰ ਸਿੰਘ ਬਿੱਲਾ,ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੁਵਾਲਾ, ਸ਼੍ਰੋਮਣੀ ਅਕਾਲੀਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਜਮੂਹਰੀ ਕਿਸਾਨ ਸਭਾ ਤੋਂ ਮਾਸਟਰ ਦਲਜੀਤ ਸਿੰਘ,ਜਮੂਹਰੀ ਅਧਿਕਾਰ ਸਭਾ ਤੋਂ ਨਰਭਿੰਦਰ ਸਿੰਘ,ਸੁਖਰਾਜ ਸਿੰਘ ਰਾਜਾ ਭੈਲ,ਸਿਕੰਦਰ ਸਿੰਘ ਵਰਾਣਾ, ਭੁਪਿੰਦਰ ਸਿੰਘ ਸੀਨੀਅਰ ਆਗੂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਸਰਬਜੀਤ ਸਿੰਘ ਅਤੇ ਸਾਂਝਾ ਕਿਸਾਨ ਸੰਘਰਸ਼ ਮੋਰਚਾ ਪੰਜਾਬ ਆਦਿ ਪਾਰਟੀਆਂ ਅਤੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਧਰਨੇ ਵਿੱਚ ਪੁਹੰਚ ਕੇ ਸੇਵਾ ਕੇਂਦਰ ਮੁਲਾਜਮਾਂ ਨੂੰ ਪੂਰਨ ਤੋਰ ਤੇ ਸਮਰਥਨ ਦਿੱਤਾ ਤੇ ਜੋ ਉਹਨਾਂ ਵੱਲੋਂ ਡੀ. ਸੀ. ਤਰਨ ਤਾਰਨ ਨੂੰ ਮੰਗ ਪੱਤਰ ਸੌਂਪਿਆ ਗਿਆ। ਸਾਂਝਾ ਸੰਘਰਸ਼ ਮੋਰਚਾ ਜਿਲ੍ਹਾ ਤਰਨ ਤਾਰਨ ਵਲੋਂ ਵੀ ਸੇਵਾ ਕੇਂਦਰ ਮੁਲਾਜ਼ਮਾਂ ਦੇ ਹੱਕ ਵਿੱਚ ਮੰਗਾਂ ਪ੍ਰਤੀ ਮਤਾ ਪਾਸ ਕੀਤਾ ਗਿਆ। ਅਖੀਰ ਵਿੱਚ ਸੇਵਾ ਕੇਂਦਰ ਤਰਨ ਤਾਰਨ ਦੇ ਕੈਸੀਅਰ ਜਗਮੋਹਨ ਸਿੰਘ ਨੇ ਕਿਹਾ ਕੇ ਜੇ ਸਰਕਾਰ ਨੇ ਕੰਪਨੀ ਨਾਲ ਮਿਲ ਕੇ ਸਾਡੀ ਜਗਾ ਤੇ ਨਵੇਂ ਕਰਮਚਾਰੀ ਰੱਖੇ ਤਾਂ ਓਹ ਸਰਕਾਰ ਅਤੇ ਕੰਪਨੀ ਦਾ ਵਿਰੋਧ ਕਰਨਗੇ। ਇਸ ਸਮੇਂ ਤਰਨ ਤਾਰਨ ਜਿਲ੍ਹੇ ਦੇ ਸਾਰੇ ਸੇਵਾ ਕੇਂਦਰ ਮੁਲਾਜਮ ਹਾਜਰ ਸਨ।