ਧਰਮਕੋਟ , 10 ਅਗਸਤ(ਜਸ਼ਨ ): "ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿਚ 30 ਅਗਸਤ ਨੂੰ ਘਨੌਰ ਦਾਣਾ ਮੰਡੀ ਵਿਖੇ ਹੋਣ ਵਾਲੀ "ਪੰਜਾਬ ਬਚਾਓ ਰੈਲੀ" ਇਤਿਹਾਸਿਕ ਹੋਵੇਗੀ ।"
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਕਲ ਫ਼ਤਹਿਗੜ੍ਹ ਪੰਜਤੂਰ ਦੇ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਤਿਆਰੀਆਂ ਤੇਜ਼ ਕਰਨ ਅਤੇ ਰੈਲੀ ਲਈ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ।
ਹੈਪੀ ਭੁੱਲਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ, ਜਿਸ ਵਿੱਚ ਸੀਨੀਅਰ ਪਾਰਟੀ ਆਗੂ ਹਲਕੇ ਵਿੱਚ ਇਕੱਠੇ ਹੋਣਗੇ ਤਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀਆਂ "ਹਕੀਕਤਾਂ" ਦਾ ਪਰਦਾਫਾਸ਼ ਕੀਤਾ ਜਾ ਸਕੇ।
ਹੈਪੀ ਭੁੱਲਰ ਨੇ ਦੋਸ਼ ਲਗਾਇਆ ਕਿ ਸੂਬੇ ਭਰ ਦੇ ਸਰਕਾਰੀ ਕਰਮਚਾਰੀਆਂ 'ਤੇ ਸਿਰਫ਼ ਉਨ੍ਹਾਂ ਦੇ ਜਾਇਜ਼ ਹੱਕਾਂ ਦੀ ਮੰਗ ਕਰਨ ਲਈ ਲਾਠੀਚਾਰਜ ਕੀਤਾ ਰਿਹੈ ਅਤੇ ਡਰਾਇਆ-ਧਮਕਾਇਆ ਜਾ ਰਿਹਾ ਹੈ, ਜਿਸ ਵਿੱਚ ਲੰਬਿਤ ਡੀਏ ਬਕਾਏ ਦੀ ਅਦਾਇਗੀ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਦੇ ਬਾਵਜੂਦ ਰਾਜ ਵਿੱਚ ਨਸ਼ਿਆਂ ਨਾਲ ਸਬੰਧਤ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਸਮੁਚੇ ਇਲਾਕੇ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪਾਰਟੀ ਵਰਕਰਾਂ ਨੂੰ 30 ਅਗਸਤ ਦੀ ਰੈਲੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਲਾਮਬੰਦ ਕੀਤਾ ਜਾ ਸਕੇ।




