ਪੰਜਾਬ ,12 ਅਗਸਤ (ਜਸ਼ਨ )ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵੱਲੋਂ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਸੰਪਾਦਕੀ ਹੇਠ ਛਪੇ ਇਸ 'ਮਾਂ ਬੋਲੀ ਦੇ ਪਿਆਰੇ' ਕਾਵਿ ਸੰਗ੍ਰਹਿ ਦਾ ਲੋਕ ਅਰਪਣ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਵਿਖੇ, ਸਾਹਿਤਕਾਰਾਂ ਅਤੇ ਸਰੋਤਿਆਂ ਦੇ ਦਿਲਾਂ ਤੇ ਬਹੁਤ ਹੀ ਵਧੀਆ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।
'ਮਾਂ ਬੋਲੀ ਦੇ ਪਿਆਰੇ' ਇਸ ਅਨਮੋਲ ਪੁਸਤਕ ਦਾ ਸਿਰਲੇਖ ਲੇਖਕ ਲੱਖਾ ਸਲੇਮਪੁਰੀ ਦੀ ਲਿਖੀ ਇੱਕ ਰਿਕਾਰਡ ਗ਼ਜ਼ਲ ਵਿੱਚੋਂ ਲਿਆ ਗਿਆ ਹੈ ਜਿਸਦੇ ਗਾਇਕ ਹੀਰਾ ਸੌਮੀ ਜੀ ਹਨ ਤੇ ਬੋਲ ਹਨ:-

ਜਿੱਦਾਂ ਚੰਨ ਤੇ ਤਾਰੇ ਸੋਹਣੇ ਲੱਗਦੇ ਨੇ ਮੈਨੂੰ।
'ਮਾਂ ਬੋਲੀ ਦੇ ਪਿਆਰੇ' ਸੋਹਣੇ ਲੱਗਦੇ ਨੇ ਮੈਨੂੰ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਇੰਗਲੈਂਡ ਮੰਚ ਦੇ ਮੋਗੇ ਤੋਂ ਪ੍ਰਧਾਨ ਤੇ ਸੂਝਵਾਨ ਲੇਖਕ ਸ੍ਰ ਸੁਰਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਇਹ ਸਮਾਗਮ ਦਾ ਆਰੰਭ ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ:-
ਧੰਨ ਸੁ ਕਾਗਦੁ ਕਲਮ ਧੰਨ ਧੰਨ ਭਾਂਡਾ ਧੰਨ ਮਸੁ।।
ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚੁ।।
ਪੜ੍ਹ ਕੇ ਅਤੇ ਨਾਲ਼ ਹੀ ਆਪਣੀ ਲਿਖੀ ਵਿਸ਼ਵ ਪ੍ਰਸਿੱਧ ਰਚਨਾ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਆਰੇ ਬਈ" ਗਾਇਨ ਕਰਕੇ ਸਰੋਤਿਆਂ ਮੰਤਰ ਮੁਘਦ ਕੀਤਾ।
ਫਿਰ ਖ਼ੁਦ ਹੀ ਇਹ ਸਮਾਗਮ ਵਿੱਚ ਪੂਰਨ ਸਹਿਯੋਗ ਕਰ ਰਹੇ ਕੈਪਟਨ ਜਸਵੰਤ ਸਿੰਘ ਪੰਡੋਰੀ ਦਾ ਨਾਮ ਅਨਾਊਂਸ ਕੀਤਾ। ਕੈਪਟਨ ਸਾਹਿਬ ਨੇ ਰੂਹ ਨਾਲ਼ ਲੱਖਾ ਸਲੇਮਪੁਰੀ ਦੀ ਰਿਕਾਰਡ ਰਚਨਾ 'ਬੋਲੀਏ ਪੰਜਾਬੀਏ ਮੈਂ ਤੇਰਾ ਹਾਂ ਮੁਰੀਦ ਹੋਇਆ-ਜਿਨਾ ਲੋਕਾਂ ਭੰਡਿਆ ਮੈਂ ਉਨ੍ਹਾਂ ਹੀ ਕਰੀਬ ਹੋਇਆ' ਤਰੰਨੁਮ 'ਚ ਗਾ ਕੇ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ। ਇਸ ਤੋਂ ਬਾਅਦ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਬੁੱਟਰ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਜਿੰਦਰ ਕੌਰ ਵੱਲੋਂ ਲੜਕੀਆਂ ਦੀ ਗਿੱਧੇ ਦੀ ਟੀਮ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੋਲੀਆਂ ਅਤੇ ਪਾ ਕੇ ਖ਼ੂਬ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਦੇ ਤੌਰ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਭਾਰਤ ਦੇ ਪ੍ਰਧਾਨ ਸ੍ਰ ਸਤਬੀਰ ਸਿੰਘ ਸਿਫ਼ਰ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਲੱਖਾ ਸਲੇਮਪੁਰੀ ਦੇ ਹਮਜਮਾਤੀ ਰਾਜਿੰਦਰ ਸ਼ਰਮਾ ਸਲੇਮਪੁਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਨਾਲ਼ ਹੀ ਪ੍ਰਬੰਧਕੀ ਮੰਡਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਦੇ ਇੰਚਾਰਜ ਸ੍ਰ ਗੁਰਬੰਤ ਸਿੰਘ ਰਣੀਆਂ, ਕੈਪਟਨ ਜਸਵੰਤ ਸਿੰਘ ਪੰਡੋਰੀ, ਲੜਕੀਆਂ ਦੇ ਸਕੂਲ ਤੋਂ ਪ੍ਰਿੰਸੀਪਲ ਬਲਜਿੰਦਰ ਕੌਰ, ਹਰਜੀਤ ਕੌਰ ਮਾਵੀ, ਮਨਪ੍ਰੀਤ ਕੌਰ ਮੱਟੂ, ਗੁਰਸਵ ਕੌਰ ਨਮੋਲ, ਜਸਵੀਰ ਸ਼ਰਮਾ ਦੱਦਾਹੂਰ, ਹਰਭਜਨ ਸਿੰਘ ਭਗਰੱਥ ਸ਼ਾਮਲ ਹੋਏ ਅਤੇ ਨਾਲ਼ ਹੀ ਵੱਡੇ ਦਿਲ ਦੀ ਇਕਸਾਰਤਾ ਦਰਸਾਉਂਦੇ ਹੋਏ ਲੇਖਕ ਲੱਖਾ ਸਲੇਮਪੁਰੀ ਵੱਲੋਂ ਤਕਰੀਬਨ ਸਾਰੇ ਲੇਖਕਾਂ ਤੇ ਪਤਵੰਤੇ ਸੱਜਣਾਂ ਨੂੰ ਪ੍ਰਵਾਨਗੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ।
ਹੁਣ ਖੁੱਲ੍ਹਾ ਕਵੀ ਦਰਬਾਰ ਆਰੰਭ ਹੋਇਆ ਤੇ ਉੱਪਰ ਦਿੱਤੇ ਪਤਵੰਤਿਆਂ ਦੇ ਨਾਵਾਂ ਤੋਂ ਇਲਾਵਾ.. ਗੁਰਮੇਲ ਸਿੰਘ ਭੁੱਲਰ, ਪ੍ਰਗਟ ਸਿੰਘ ਗਿੱਲ ਬਾਗ਼ੀ, ਜਸਵੰਤ ਕੜਿਆਲਵੀ, ਬੇਅੰਤ ਸਿੰਘ ਗਿੱਲ, ਤਰਸੇਮ ਘਾਰੂ ਗੱਜਣਵਾਲਾ, ਨਾਨਕ ਚੰਦ ਵਸ਼ਿਸ਼ਟ, ਮੰਗਲ ਮੀਤ ਪੱਤੋ, ਪਰਸ਼ੋਤਮ ਪੱਤੋ, ਅਮਰੀਕ ਸੈਦੋਕੇ, ਗੁਰਮੀਤ ਸਿੰਘ ਜੇਈ, ਰਾਕੇਸ਼ ਸੱਚਦੇਵਾ, ਅਵਤਾਰ ਸਿੰਘ ਗੌਇੰਦਵਾਲ, ਗੁਰਦੀਪ ਸਿੰਘ ਚੀਮਾ, ਜਗਦੀਸ਼ ਕਮਲ, ਰਾਜਪਾਲ ਪੱਤੋ ਤੇ ਹੋਰ ਅਨੇਕਾਂ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ। ਨਾਲ਼ ਹੀ ਲੇਖਕਾਂ ਦੇ ਪ੍ਰੀਵਾਰਾਂ ਨੇ ਹਾਜ਼ਰੀਆਂ ਭਰੀਆਂ।
ਇਸ ਸਮਾਗਮ ਤੇ ਕਰਤਾ ਧਰਤਾ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਗੁਰਦੁਆਰਾ ਨਾਨਕਸਰ ਬੀੜ ਰਾਉਕੇ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਪ੍ਰਧਾਨ ਜਸਵੀਰ ਸਿੰਘ ਸੀਰਾ, ਬਾਬਾ ਜਰਮਲ ਸਿੰਘ, ਸੈਕਟਰੀ ਜਸਵੰਤ ਸਿੰਘ, ਹਰਦੇਵ ਸਿੰਘ ਦੇਵ, ਸਵਰਨ ਸਿੰਘ ਗੋਰਾ, ਰਣਜੀਤ ਸਿੰਘ ਗਿੱਲ, ਬਾਬਾ ਘਣਘੋਰ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ, ਅਮਰ ਸਿੰਘ ਹਾਜ਼ਰ ਸਨ।
'ਮਾਂ ਬੋਲੀ ਦੇ ਪਿਆਰੇ' ਕਾਵਿ ਸੰਗ੍ਰਹਿ ਦੇ ਸੰਪਾਦਕ ਤੇ ਵਿਸ਼ਵ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਕੀਤੇ ਗਏ ਇਸ ਸਮਾਗਮ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ। ਉਨ੍ਹਾਂ ਵੱਲੋਂ ਆਰੰਭ ਵੇਲ਼ੇ ਚਾਹ ਪਾਣੀ ਤੋਂ ਲੈ ਕੇ ਅਖ਼ੀਰ ਦੁਪਹਿਰ ਦੇ ਖਾਣੇ (ਲੰਗਰ) ਤੱਕ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ ਗਈ।
ਸਮਾਗਮ ਵਿੱਚ ਆਏ ਹੋਏ ਮਹਿਮਾਨਾਂ, ਲੇਖਕਾਂ, ਸਹਿਯੋਗੀ ਸੱਜਣਾ, ਸਕੂਲੀ ਬੱਚਿਆਂ ਤੇ ਹੋਰ ਆਏ ਹੋਏ ਸਾਰੇ ਪਤਵੰਤਿਆਂ ਨੂੰ ਲੱਖਾ ਸਲੇਮਪੁਰੀ ਵੱਲੋਂ ਸਪੈਸ਼ਲ ਗਿਫ਼ਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।