ਧਰਮਕੋਟ, 23 ਸਤੰਬਰ (ਜਸ਼ਨ )- ਹਲਕਾ ਧਰਮਕੋਟ ਵਿੱਚ ਅਕਾਲੀ ਦਲ (ਵਾਰਸ ਪੰਜਾਬ ਦੇ) ਨਾਲ ਜੁੜੇ ਸੀਨੀਅਰ ਆਗੂ ਸਾਹਿਬ ਸਿੰਘ ਵਿਰਕ ਦੀਆਂ ਸਿਆਸੀ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ। ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਲੋਕਾਂ ਨਾਲ ਸੰਪਰਕ ਅਤੇ ਮੀਟਿੰਗਾਂ ਕਰਕੇ ਕੀਤੀ ਜਾ ਰਹੀ ਲਾਮਬੰਦੀ ਕਾਰਨ ਉਨ੍ਹਾਂ ਦੀ ਮੁਹਿੰਮ ਚਰਚਾ ਵਿੱਚ ਹੈ। ਪਿੰਡ ਅਕਾਲੀਆਂ ਵਾਲਾ ਵਿਖੇ ਹੋਏ ਇਕੱਠ ਦੌਰਾਨ ਸਾਹਿਬ ਸਿੰਘ ਵਿਰਕ ਨੇ ਸਾਫ਼-ਸੁਥਰੀ ਅਤੇ ਲੋਕ ਪੱਖੀ ਰਾਜਨੀਤੀ ਨੂੰ ਲੈ ਕੇ ਆਪਣਾ ਪੱਖ ਲੋਕਾਂ ਸਾਹਮਣੇ ਰੱਖਿਆ।

ਸਾਹਿਬ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਸੱਤਾ ਨਹੀਂ ਸਗੋਂ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਰਾਜਨੀਤੀ ਵਿੱਚ ਨਵੀਂ ਸੋਚ ਅਤੇ ਨਵਾਂ ਸਿਆਸੀ ਸੱਭਿਆਚਾਰ ਲਿਆਉਣ ਦੀ ਲੋੜ ਹੈ। ਉਨ੍ਹਾਂ ਦੇ ਅਨੁਸਾਰ ਜੇਕਰ ਲੋਕ ਸਾਫ਼ ਨੀਅਤ ਵਾਲੀ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਰਮਕੋਟ ਹਲਕੇ ਦੇ ਲੋਕਾਂ ਦੀਆਂ ਆਪਣੀਆਂ ਉਮੀਦਾਂ ਅਤੇ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਸਿਆਸੀ ਬਿਆਨਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਮਝਣ ਅਤੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਇਸੇ ਮਕਸਦ ਨਾਲ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਮੁਹਿੰਮ ਦੀ ਅਸਲ ਤਾਕਤ ਲੋਕਾਂ ਦਾ ਭਰੋਸਾ ਹੁੰਦੀ ਹੈ। ਇਸ ਲਈ ਉਹ ਹਲਕੇ ਦੇ ਵੋਟਰਾਂ ਤੋਂ ਸਹਿਯੋਗ ਅਤੇ ਸਾਥ ਦੀ ਉਮੀਦ ਰੱਖਦੇ ਹਨ ਤਾਂ ਜੋ ਇੱਕ ਅਜਿਹੀ ਰਾਜਨੀਤੀ ਨੂੰ ਅੱਗੇ ਲਿਆਂਦਾ ਜਾ ਸਕੇ ਜਿਸ ਵਿੱਚ ਆਮ ਲੋਕਾਂ ਦੀ ਆਵਾਜ਼ ਨੂੰ ਪਹਿਲ ਮਿਲੇ।

ਇਸ ਮੌਕੇ ਹਰਜਿੰਦਰ ਸਿੰਘ ਫੌਜੀ, ਸਾਰਜ ਸਿੰਘ ਬਹਿਰਾਮਕੇ, ਕੁਲਵੰਤ ਸਿੰਘ, ਕੈਪਟਨ ਕੇਵਲ ਸਿੰਘ ਅਤੇ ਦਵਿੰਦਰ ਸਿੰਘ ਕੋਟ ਸਦਰ ਖਾਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਸਾਹਿਬ ਸਿੰਘ ਵਿਰਕ ਦੀ ਧਾਰਮਿਕ ਅਤੇ ਸਮਾਜਿਕ ਪਿਛੋਕੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਹਲਕੇ ਵਿੱਚ ਕੀਤੀ ਜਾ ਰਹੀ ਲੋਕ ਸੰਪਰਕ ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸੇ ਦੌਰਾਨ 1 ਅਕਤੂਬਰ ਨੂੰ ਕੋਟ ਇਸੇ ਖਾਂ ਵਿਖੇ ਇੱਕ ਪੈਲਸ ਵਿੱਚ ਵਿਸ਼ਾਲ ਇਕੱਠ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਇਕੱਠ ਨੂੰ ਲੈ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਾਮਬੰਦੀ ਤੇਜ਼ ਕੀਤੀ ਗਈ ਹੈ। ਸਮਾਗਮ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਇਕੱਠ ਨੂੰ ਸਾਹਿਬ ਸਿੰਘ ਵਿਰਕ ਦੀ ਹਲਕੇ ਅੰਦਰ ਚੱਲ ਰਹੀ ਮੁਹਿੰਮ ਦੇ ਅਗਲੇ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।