ਮੋਗਾ,9 ਨਵੰਬਰ (ਜਸ਼ਨ ) ਮੋਗਾ ਤੋਂ ਆਮ ਆਦਮੀ ਪਾਰਟੀ ਦੀ ਐੱਮ ਐੱਲ ਏ ਡਾ .ਅਮਨਦੀਪ ਅਰੋੜਾ ਦੀ ਗ੍ਰਿਫਤਾਰੀ ਦੀ ਖ਼ਬਰ ਕੋਰਾ ਝੂਠ ਸਿੱਧ ਹੋਈ ਹੈ। ਕੁਝ ਘੰਟੇ ਪਹਿਲਾਂ ਇੰਫੋਰਸੇਮੇਂਟ ਡਾਇਰੈਕਟੋਰੇਟ (ਈ ਡੀ )ਵਲੋਂ ਗ੍ਰਿਫਤਾਰੀ ਦੀ ਇਸ ਅਫ਼ਵਾਹ ਨੂੰ ਕਈ ਸੋਸ਼ਲ ਮੀਡੀਆ ਕਰਮੀਆਂ ਨੇ ਪ੍ਰਸਾਰਿਤ ਕਰਨ ਦਾ ਯਤਨ ਕੀਤਾ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨੇ ਜਦ ਵਿਧਾਇਕਾ ਡਾ .ਅਮਨਦੀਪ ਅਰੋੜਾ ਦੇ ਨਿੱਜੀ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਕੁਝ ਪਲ ਪਹਿਲਾਂ ਹੀ ਆਪਣੇ ਰੁਝੇਵਿਆਂ ਨੂੰ ਨਿਪਟਾ ਕੇ ਆਪਣੇ ਘਰ ਬੱਚਿਆਂ ਕੋਲ ਪਰਤੇ ਨੇ । ਬਿਨਾ ਕਿਸੇ ਮਾਨਸਿਕ ਬੋਝ ਦੇ, ਖੁਸ਼ ਨਜ਼ਰ ਆ ਰਹੇ ਐੱਮ ਐੱਲ ਏ ਡਾ .ਅਮਨਦੀਪ ਅਰੋੜਾ ਨੇ ਸ਼ਗਨਾਂ ਵਾਲੇ ਦਿਨਾਂ ਵਿਚ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੱਕੀ ਵਾਲਾ ਨੇ ਵੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ,ਗ੍ਰਿਫਤਾਰੀ ਦੀ ਖ਼ਬਰ ਨੂੰ ਕੋਰਾ ਝੂਠ ਕਰਾਰ ਦਿੱਤਾ ।
ਬੇਸ਼ੱਕ ਵਿਰੋਧੀ ਪਾਰਟੀਆਂ ਵਲੋਂ ਅਜਿਹੀਆਂ ਅਫਵਾਹਾਂ ਫੈਲਾਉਣਾ ਰਾਜਨੀਤੀ ਦਾ ਹਿੱਸਾ ਹੈ ਪਰ ਅਜਿਹੀਆਂ ਅਫਵਾਹਾਂ ਨੂੰ ਸੋਸ਼ਲ ਮੀਡੀਆ ਦਾ ਹਿੱਸਾ ਬਣਾਉਣ ਨਾਲ ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਤੇ ਨਿਸ਼ਚੇ ਹੀ ਨਾਂਹਪੱਖੀ ਪ੍ਰਭਾਵ ਪੈਂਦਾ ਹੈ।