ਚੰਡੀਗੜ੍ਹ, 12 ਮਈ( ਜਸ਼ਨ ):
ਭਗਵੰਤ ਮਾਨ ਸਰਕਾਰ ਦੀ ‘ਸਿੱਖਿਆ ਕ੍ਰਾਂਤੀ` ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸ਼ਾਨਦਾਰ ਤਬਦੀਲੀ ਲਿਆਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਨੇ ਨਾ ਸਿਰਫ਼ ਪ੍ਰਭਾਵਸ਼ਾਲੀ 94.52 ਪਾਸ ਫੀਸਦ ਦਰਜ ਕੀਤੀ, ਸਗੋਂ ਮੈਰਿਟ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਲੜਕੀਆਂ ਦੇ ਵਧਦੇ ਦਬਦਬੇ ਨੂੰ ਵੀ ਦਰਸਾਇਆ ਹੈ। ਇਸ ਪ੍ਰੀਖਿਆ ਵਿੱਚ 2,54,744 ਵਿਦਿਆਰਥੀ ਪਾਸ ਹੋਏ, ਕੁੜੀਆਂ ਨੇ ਪਹਿਲੇ ਤਿੰਨ ਸਥਾਨਾਂ ਵਿੱਚੋਂ ਦੋ ਸਥਾਨ ਪ੍ਰਾਪਤ ਕੀਤੇ, ਜਦੋਂ ਕਿ ਸਰਕਾਰੀ ਸਕੂਲਾਂ ਦੇ 88 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ, ਜੋ ‘ਆਪ` ਸਰਕਾਰ ਦੇ ਆਧੁਨਿਕ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਬਰਾਬਰ ਵਿੱਦਿਅਕ ਮੌਕਿਆਂ `ਤੇ ਧਿਆਨ ਕੇਂਦਰਿਤ ਕਰਨ ਦੁਆਰਾ ਲਿਆਂਦੇ ਗਏ ਵਿਆਪਕ ਬਦਲਾਅ ਨੂੰ ਦਰਸਾਉਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੂੰ ਪੰਜਾਬ ਦੀ ‘ਸਿੱਖਿਆ ਕ੍ਰਾਂਤੀ` ਦਾ ਸਬੂਤ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਬੱਚਿਆਂ ਵਿੱਚ ਅਥਾਹ ਪ੍ਰਤਿਭਾ ਹੈ ਅਤੇ ਹੁਣ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵਧੀਆ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਲਈ ਲੋੜੀਂਦਾ ਪਲੇਟਫਾਰਮ ਅਤੇ ਬੁਨਿਆਦੀ ਢਾਂਚਾ ਮਿਲ ਰਿਹਾ ਹੈ।
ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਵਿਦਿਆਰਥੀਆਂ, ਹਰਲੀਨ ਸ਼ਰਮਾ, ਮਨੀਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਕ੍ਰਮਵਾਰ 99.38 ਫੀਸਦੀ, 99.23 ਫੀਸਦੀ ਅਤੇ 99.23 ਫੀਸਦੀ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਸਾਡੇ ਸਾਰਿਆਂ ਲਈ ਮਾਣਮੱਤਾ ਅਤੇ ਯਾਦਗਾਰੀ ਮੌਕਾ ਹੈ ਅਤੇ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਇਸ ਪ੍ਰਾਪਤੀ ਲਈ ਪ੍ਰਸੰਸਾ ਦੇ ਹੱਕਦਾਰ ਹਨ।”
ਮੁੱਖ ਮੰਤਰੀ ਨੇ ਕਿਹਾ, “ਇਹ ਵਿਦਿਆਰਥੀ ਆਪਣੇ ਸਾਥੀਆਂ ਅਤੇ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਬਣਨਗੇ। ਉਹ ਅਣਗਿਣਤ ਹੋਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਗੇ। ਇਨ੍ਹਾਂ ਬੱਚਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਉੱਡਣ ਲਈ ਖੰਭ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਉੱਚਾਈਆਂ `ਤੇ ਉੱਡ ਸਕਦੇ ਹਨ। ਸਾਡੀ ਸਰਕਾਰ ਸੂਬੇ ਦੇ ਹਰ ਵਿਦਿਆਰਥੀ ਨੂੰ ਮਿਆਰੀ ਸਕੂਲ ਸਿੱਖਿਆ ਲਈ ਸਭ ਤੋਂ ਵਧੀਆ ਮਾਹੌਲ ਮੁਹੱਈਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਤਿੰਨੇ ਵਿਦਿਆਰਥੀ ਆਪਣੀ ਪਸੰਦ ਦੀ ਕਿਸੇ ਵੀ ਸਟ੍ਰੀਮ ਵਿੱਚ ਸਕੂਲ ਆਫ਼ ਐਮੀਨੈਂਸ ਵਿੱਚ ਸਿੱਧਾ ਦਾਖ਼ਲਾ ਲੈ ਸਕਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਪ੍ਰਸੰਸਾ ਵਜੋਂ 50,000 ਰੁਪਏ ਦੇ ਚੈੱਕ ਵੀ ਸੌਂਪੇ।
ਸਿੱਖਿਆ ਖੇਤਰ ਵਿੱਚ ਪੰਜਾਬ ਦੀ ਸਫ਼ਲਤਾ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਵਿੱਚ ਕੇਰਲਾ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ, ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਸਮਾਰਟ ਕਲਾਸਰੂਮ ਸ਼ੁਰੂ ਕੀਤੇ ਹਨ ਅਤੇ ਅਧਿਆਪਕਾਂ ਨੂੰ ਮਿਆਰੀ ਸਿਖਲਾਈ ਮੁਹੱਈਆ ਕੀਤੀ ਹੈ। ਇਹ ਸੁਧਾਰ ਹੁਣ ਪ੍ਰਤੱਖ ਨਤੀਜੇ ਦੇ ਰਹੇ ਹਨ ਅਤੇ ਪੰਜਾਬ ਸਕੂਲ ਸਿੱਖਿਆ ਵਿੱਚ ਮੋਹਰੀ ਵਜੋਂ ਉੱਭਰ ਰਿਹਾ ਹੈ।"