

ਮੋਗਾ 12 ਜੁਲਾਈ ( ਲਛਮਣਜੀਤ ਸਿੰਘ ਪੁਰਬਾ ) : ਰਾਮ ਨਰਾਇਣ ਕੁਮਾਰ ਤਾਮਿਲਨਾਡੂ ਦੇ ਇੱਕ ਹਿੰਦੂ ਬ੍ਰਾਹਮਣ ਸਨ ਜੋ ਦਿੱਲੀ ਵਿਖੇ ਰਹਿ ਕੇ ਮਾਨਵ ਅਧਿਕਾਰ ਕਾਰਕੁੰਨ ਵਜੋਂ ਕੰਮ ਕਰ ਰਹੇ ਸਨ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਵਿੱਚ ਹਰ ਵੇਲੇ ਉਨ੍ਹਾਂ ਦੇ ਨਾਲ ਰਹੇ ਤੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਵੀ ਇਸ ਨਰ ਸੰਹਾਰ ਨੂੰ ਸਾਬਤ ਕਰਨ ਲਈ ਉਨ੍ਹਾਂ ਦਿਨ ਰਾਤ ਕੰਮ ਕੀਤਾ। ਉਨ੍ਹਾਂ ਇਸ ਇਤਿਹਾਸ ਨੂੰ ਕਲਮਬੰਦ ਕਰਕੇ 'ਰਿਡਿਊਸਡ ਟੂ ਐਸ਼ਜ' ( ਜੋ ਰਾਖ ਹੋ ਗਏ ) ਨਾਮ ਦੀ ਕਿਤਾਬ ਵੀ ਲਿਖੀ ਜਿਸਦਾ ਪੰਜਾਬੀ ਅਨੁਵਾਦ ਪਰਮਿੰਦਰ ਸਿੰਘ ਸ਼ੌਂਕੀ ਵੱਲੋਂ ਕੀਤਾ ਗਿਆ। 2009 ਵਿੱਚ ਉਨ੍ਹਾਂ ਦੀ ਨੇਪਾਲ ਵਿੱਚ ਮੌਤ ਹੋ ਗਈ। ਕੁੱਝ ਲੋਕ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਅੱਤਵਾਦ ਨਾਲ ਜੋੜ ਕੇ ਧਰਮਾਂ ਵਿੱਚ ਕੰਧਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਉਨ੍ਹਾਂ ਲਾਪਤਾ ਲੋਕਾਂ ਵਿੱਚ ਹਿੰਦੂ ਅਤੇ ਇਸਾਈ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਲਈ ਜਸਵੰਤ ਸਿੰਘ ਖਾਲੜਾ ਨੇ ਝੁਕਣ ਦੀ ਬਜਾਏ ਮੌਤ ਪ੍ਰਵਾਨ ਕੀਤੀ। ਅਜਿਹੇ ਕਾਰਕੁੰਨਾਂ ਨੂੰ ਧਰਮ ਦੀ ਐਨਕ ਨਾਲ ਵੇਖਣਾ ਸਮਾਜ ਲਈ ਖਤਰਨਾਕ ਵਰਤਾਰਾ ਹੈ ਤੇ ਸਿਵਲ ਸੁਸਾਇਟੀ ਮੋਗਾ ਇਸ ਵਰਤਾਰੇ ਨੂੰ ਰੋਕਣ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਤਰ ਕਰਕੇ ਫਿਲਮ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਉਣ ਜਾ ਰਹੀ ਹੈ। ਇਸ ਸਬੰਧੀ ਫਿਲਮ ਦੀ ਸਕ੍ਰੀਨਿੰਗ ਦੀ ਮਨਜੂਰੀ ਲੈਣ ਲਈ ਸਿਵਲ ਸੁਸਾਇਟੀ ਮੋਗਾ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਿਆ ਤੇ ਫਿਲਮ ਦੀ ਸਕ੍ਰੀਨਿੰਗ ਲਈ ਮਨਜੂਰੀ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਸ ਫਿਲਮ ਤੇ ਅਣ ਐਲਾਨਿਆ ਬੈਨ ਹੋਣ ਕਾਰਨ ਪ੍ਰਸਾਸ਼ਨ ਇਸ ਮਨਜੂਰੀ ਨੂੰ ਲੈ ਕੇ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਡਵਾਈਜਰ ਅਜੇ ਗੋਰਾ ਸੂਦ ਨੇ ਦੱਸਿਆ ਕਿ 18 ਜੁਲਾਈ ਨੂੰ ਇਹ ਫਿਲਮ ਮੋਗਾ ਦੇ ਕਿਸੇ ਜਨਤਕ ਸਥਾਨ ਤੇ ਵਿਖਾਈ ਜਾਵੇਗੀ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਤੇ ਫਿਲਮ ਦੇ ਸਾਰੇ ਪਹਿਲੂਆਂ ਤੇ ਚਰਚਾ ਕਰਕੇ ਭਾਈਚਾਰਕ ਏਕਤਾ ਮਜ਼ਬੂਤ ਕਰਨ ਦੀ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਮੱਦਦ ਕਰਨ ਵਾਲਾ ਅਸ਼ੋਕ ਅੱਗਰਵਾਲ ਵੀ ਇੱਕ ਹਿੰਦੂ ਸੀ ਪਰ ਚਲਾਕ ਲੋਕ ਫਿਰਕਾਪ੍ਰਸਤੀ ਨੂੰ ਬੜਾਵਾ ਦੇਣ ਦੇ ਮਕਸਦ ਨਾਲ ਰਾਮ ਨਰਾਇਣ ਕੁਮਾਰ ਅਤੇ ਅਸ਼ੋਕ ਅੱਗਰਵਾਲ ਦੀ ਜ਼ਿਕਰ ਤੱਕ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਜਿਲ੍ਹਾ ਪ੍ਰਸਾਸ਼ਨ ਸਾਡੀ ਇੱਸ ਕੋਸ਼ਿਸ਼ ਵਿੱਚ ਸਾਡਾ ਸਾਥ ਦੇਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਕੰਵਲਜੀਤ ਸਿੰਘ ਮਹੇਸਰੀ, ਕਿਰਪਾਲ ਸਿੰਘ, ਗੁਰਚਰਨ ਸਿੰਘ ਰਾਜੂ ਪੱਤੋ, ਹਰਪ੍ਰੀਤ ਕੌਰ ਧਾਲੀਵਾਲ ਆਦਿ ਹਾਜ਼ਰ ਸਨ।





