ਲੁਧਿਆਣਾ ,1ਜੂਨ (ਗੁਰਭਜਨ ਸਿੰਘ ਗਿੱਲ ) ਪਰਵੇਜ਼ ਸੰਧੂ ਦੀ ਕਹਾਣੀ ਪਰਵਾਸੀ ਪੰਜਾਬੀ ਸਾਹਿਤ ਵਿੱਚ ਇੱਕ ਵਿਲੱਖਣ ਅਤੇ ਡੂੰਘੀ ਮਾਨਵੀ ਸੁਰ ਦਾ ਪ੍ਰਗਟਾਅ ਹੈ , ਜੋ ਅਮਰੀਕਾ ਵੱਸਦੇ ਪੰਜਾਬੀਆਂ ਦੇ ਸੱਭਿਆਚਾਰਕ ਟਕਰਾਅ, ਪਰਿਵਾਰਕ ਟੁੱਟ-ਭੱਜ ਅਤੇ ਤਣਾਅਪੂਰਨ ਇੱਕਲਾਪੇ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਬੀਰ ਬਰਾੜ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਹਨਾਂ ਕਿਹਾ ਕਿ ਔਰਤ ਦ੍ਰਿਸ਼ਟੀਕੋਣ ਤੋਂ ਲਿਖੀਆਂ ਉਨ੍ਹਾਂ ਦੀਆਂ ਕਹਾਣੀਆਂ ਮਨੁੱਖੀ ਲੋਭ-ਲਾਲਚ ਅਤੇ ਆਧੁਨਿਕ ਜ਼ਿੰਦਗੀ ਦੇ ਮਾਨਸਿਕ ਦਵੰਦਾਂ ਨੂੰ ਬਹੁਤ ਮਾਰਮਿਕ ਢੰਗ ਨਾਲ ਉਜਾਗਰ ਕਰਦੀਆਂ ਹਨ। ਸਰਲ, ਤਾਜ਼ਾ ਅਤੇ ਸੰਵਾਦਾਤਮਕ ਭਾਸ਼ਾ ਸ਼ੈਲੀ ਰਾਹੀਂ ਉਹ ਛੋਟੀਆਂ-ਛੋਟੀਆਂ ਘਟਨਾਵਾਂ ਵਿੱਚੋਂ ਵੱਡੀਆਂ ਭਾਵਨਾਤਮਕ ਸੱਚਾਈਆਂ ਸਿਰਜ ਲੈਂਦੇ ਹਨ, ਜਿਸ ਸਦਕਾ ਪਾਠਕ ਇਨ੍ਹਾਂ ਅਨੁਭਵਾਂ ਨੂੰ ਆਪਣੇ ਅੰਦਰ ਤੱਕ ਮਹਿਸੂਸ ਕਰਦਾ ਹੈ।
‘ਪਰਹੀਣ ਪਰਿੰਦੇ’ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ, ਪੰਜਾਬੀ ਕਹਾਣੀ ਦੀ ਇਬਾਰਤ ਵਿਚ ਇਕ ਵੱਖਰਾ ਤੇ ਨਿਵੇਕਲਾ ਵਾਧਾ ਹੋਵੇਗਾ। ਪੁਸਤਕ ਦਾ ਟਾਈਟਲ ਇਸ ਦੀ ਕਨਸੋਅ ਦਿੰਦਾ ਹੈ ।