ਕੈਨੇਡਾ , 17 ਨਵੰਬਰ ( ਕੁਲਤਾਰਨ ਸਿੰਘ ਪਧਿਆਣਾ )ਕੈਨੇਡਾ ਵਿੱਚ ਘੱਟੋ-ਘੱਟ ਤਨਖ਼ਾਹ (ਮਿਨੀਮਮ ਵੇਜ) ਅਤੇ ਅਸਲ ਜੀਵਨ ਲਾਗਤ (ਲਿਵਿੰਗ ਵੇਜ) ਵਿਚਕਾਰ ਪਾੜਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਨਵੀਆਂ ਰਿਪੋਰਟਾਂ ਮੁਤਾਬਕ, ਪੂਰੇ ਦੇਸ਼ ਵਿੱਚ ਕੋਈ ਵੀ ਪਰੋਵਿਂਸ ਲੈਵਲ ਦੀ ਘੱਟੋ-ਘੱਟ ਤਨਖ਼ਾਹ ਉਸ ਆਮਦਨ ਦੇ ਬਰਾਬਰ ਨਹੀਂ ਹੈ ਜੋ ਇੱਕ ਫੁੱਲ-ਟਾਈਮ ਕਾਮੇ ਨੂੰ ਬੁਨਿਆਦੀ ਖ਼ਰਚੇ ਚੁੱਕਣ ਲਈ ਚਾਹੀਦੀ ਹੈ। ਮਤਲਬ ਜਿੰਨੇ ਖ਼ਰਚੇ ਵੱਧ ਗਏ ਹਨ ਉੰਨੀ ਤਨਖਾਹ ਨਹੀਂ ਮਿਲ ਰਹੀ।ਕੈਨੇਡਾ ਵਿੱਚ ਅੱਜ ਫੁੱਲ-ਟਾਈਮ ਕੰਮ ਕਰਨ ਵਾਲਾ ਵੀ ਬਹੁਤ ਸਾਰੀਆਂ ਥਾਵਾਂ ’ਤੇ ਆਪਣੇ ਮੁੱਢਲੇ ਖ਼ਰਚੇ ਮੁਸ਼ਕਿਲ ਨਾਲ ਚੁੱਕ ਪਾ ਰਿਹਾ ਹੈ। ਇਸ ਲਈ ਘੱਟੋ-ਘੱਟ ਤਨਖ਼ਾਹ ਨੂੰ ਲਿਵਿੰਗ ਵੇਜ ਦੇ ਨੇੜੇ ਲਿਆਉਣ ਦੀ ਮੰਗ ਹੋਰ ਤੇਜ਼ ਹੋ ਰਹੀ ਹੈ। ਜਿਹੜੇ ਲੋਕ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ ਉਨਾਂ ਦੇ ਹਾਲਾਤ ਹੋਰ ਵੀ ਮਾੜੇ ਹਨ।

ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਦਸ ਸਾਲ ਪਹਿਲਾਂ ਜਿੰਨੇ ਡਾਲਰ ਬਣਦੇ ਸਨ ਉੰਨੇ ਹੀ ਅੱਜ ਵੀ ਬਣ ਰਹੇ ਹਨ ਪਰ ਖ਼ਰਚੇ ਦੁੱਗਣੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਤਨਖਾਹਾਂ ਨਾ ਮਿਲਣ ਅਤੇ ਘੱਟ ਤਨਖਾਹ ਤੇ ਕੰਮ ਕਰਵਾਉਣ ਦਾ ਰੁਝਾਨ ਵੱਖਰਾ ਹੈ। ਕੈਨੇਡਾ ਦੇ ਮਸ਼ਹੂਰ ਮੀਡੀਆ ਅਦਾਰੇ ਸੀ.ਬੀ.ਸੀ. ਨੇ ਹਾਲ ਹੀ ਵਿੱਚ ਕੈਨੇਡਾ ਦੇ 59 ਵੱਡੇ ਸ਼ਹਿਰਾਂ ਅਤੇ ਖੇਤਰਾਂ ਦੀਆਂ ਵੱਖ ਵੱਖ ਰਿਪੋਰਟਾਂ ਦੀ ਸਮੀਖਿਆ ਕੀਤੀ ਹੈ। ਇਸ ਵਿੱਚੋਂ ਇੱਕ ਵੀ ਥਾਂ ਅਜਿਹੀ ਨਹੀਂ ਮਿਲੀ ਜਿੱਥੇ ਮਿਨੀਮਮ ਵੇਜ ਲਿਵਿੰਗ ਵੇਜ ਦੇ ਬਰਾਬਰ ਹੋਵੇ। ਲਿਵਿੰਗ ਵੇਜ ਉਹ ਘੰਟਾਵਾਰੀ ਰੇਟ ਹੈ ਜਿਸ ਨਾਲ ਇੱਕ ਕਾਮਾ ਰਿਹਾਇਸ਼, ਖਾਣਾ, ਆਵਾਜਾਈ, ਬੱਚਿਆਂ ਦੀ ਦੇਖਭਾਲ ਅਤੇ ਹੋਰ ਬੁਨਿਆਦੀ ਲੋੜਾਂ ਪੂਰੀਆਂ ਕਰ ਸਕੇ ਪਰ ਇਹੋ ਜਿਹਾ ਹੋ ਨਹੀਂ ਰਿਹਾ ।

ਪਰੋਵਿਂਸ ਮੁਤਾਬਕ ਮੌਜੂਦਾ ਘੱਟੋ-ਘੱਟ ਤਨਖ਼ਾਹ (ਨਵੰਬਰ 2026)
ਅਲਬਰਟਾ: $15.00 (2018 ਤੋਂ ਬਿਨਾਂ ਵਾਧੇ ਦੇ ਸਭ ਤੋਂ ਘੱਟ)
ਸਾਸਕੈਚਵਾਨ: $15.70
ਮੈਨੀਟੋਬਾ: $16.40
ਓਨਟਾਰੀਓ: $17.95
ਬ੍ਰਿਟਿਸ਼ ਕੋਲੰਬੀਆ: $18.25
ਫੈਡਰਲ ਰੇਟ: $18.15
ਨੂਨਾਵੁਟ: $20.17 (ਸਭ ਤੋਂ ਵੱਧ)

ਲਿਵਿੰਗ ਵੇਜ ਅਤੇ ਪਾੜਾ
ਅਲਬਰਟਾ ਵਿੱਚ ਇਹ ਪਾੜਾ ਸਭ ਤੋਂ ਵੱਧ ਹੈ। ਕੈਲਗਰੀ ਵਿੱਚ ਲਿਵਿੰਗ ਵੇਜ $26.90 ਪ੍ਰਤੀ ਘੰਟਾ ਹੈ, ਜਦਕਿ ਬੈਨਫ ਵਿੱਚ ਇਹ $27.45 ਤੱਕ ਪਹੁੰਚ ਗਈ ਹੈ। ਐਡਮੰਟਨ ਵਿੱਚ ਇਹ $22.65 ਹੈ। ਇਸ ਤਰ੍ਹਾਂ ਕੈਲਗਰੀ ਵਿੱਚ ਮਿਨੀਮਮ ਵੇਜ ਅਤੇ ਲਿਵਿੰਗ ਵੇਜ ਵਿਚਕਾਰ ਲਗਭਗ $12 ਦਾ ਫਰਕ ਹੈ। ਓਨਟਾਰੀਓ ਵਿੱਚ ਗ੍ਰੇਟਰ ਟੋਰਾਂਟੋ ਏਰੀਆ (GTA) ਲਈ ਲਿਵਿੰਗ ਵੇਜ $27.60 ਹੈ ਮਤਲਬ ਮਿਨੀਮਮ ਵੇਜ ਤੋਂ ਲਗਭਗ $9.65 ਵੱਧ। ਬ੍ਰੈਂਡਨ (ਮੈਨੀਟੋਬਾ) ਵਰਗੀਆਂ ਥਾਵਾਂ ’ਤੇ ਪਾੜਾ ਸਿਰਫ਼ $1 ਦੇ ਆਸ-ਪਾਸ ਹੈ, ਪਰ ਮਾਂਟਰੀਅਲ, ਹੈਲੀਫੈਕਸ, ਬੈਨਫ ਅਤੇ ਵਾਈਟਹਾਰਸ ਵਰਗੀਆਂ ਥਾਵਾਂ ’ਤੇ ਇਹ $12 ਤੋਂ $14 ਤੱਕ ਪਹੁੰਚ ਗਿਆ ਹੈ।

ਇਸ ਪਾੜੇ ਕਾਰਨ ਬਹੁਤ ਸਾਰੇ ਕਾਮੇ ਇੱਕ ਤੋਂ ਵੱਧ ਨੌਕਰੀਆਂ ਕਰਦੇ ਹਨ ਜਾਂ ਵਾਧੂ ਘੰਟੇ ਲਗਾਉਣ ਲਈ ਮਜਬੂਰ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਕੈਨੇਡਾ ਦੇ ਲੇਬਰ ਸਟੈਂਡਰਡਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਲੋਕਾਂ ਨੂੰ ਖਾਣਾ, ਕਿਰਾਏ ਅਤੇ ਹੋਰ ਜ਼ਰੂਰੀ ਚੀਜ਼ਾਂ ਵਿਚਕਾਰ ਚੋਣ ਕਰਨ ਲਈ ਮਜਬੂਰ ਕਰ ਰਹੀ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਲੈਕਚਰਰ ਟੌਮ ਮੈਕਡੋਵੈਲ ਅਨੁਸਾਰ, ਤਨਖ਼ਾਹ ਦਾ ਫਲੋਰ ਬੁਨਿਆਦੀ ਲੋੜਾਂ ਤੋਂ “ਕਾਫ਼ੀ ਪਿੱਛੇ” ਰਹਿ ਗਿਆ ਹੈ। ਭੋਜਨ ਅਤੇ ਕਿਰਾਏ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ।