ਮੋਗਾ, 22 ਜੁਲਾਈ (ਜਸ਼ਨ ) : ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਫ਼ਤਹਿਗੜ੍ਹ ਪੰਜਤੂਰ ਤੋਂ ਸਰਕਲ ਪ੍ਰਧਾਨ ਦਿਲਬਾਗ ਸਿੰਘ "ਹੈਪੀ ਭੁੱਲਰ" ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਲਾਠੀਚਾਰਜ ਦੀਆਂ ਘਟਨਾਵਾਂ ’ਤੇ ਪ੍ਰੈੱਸ ਕਾਨਫਰੰਸਾਂ ਕਰਕੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ‘ਆਪ’ ਆਗੂਆਂ ਤੋਂ ਪੰਜਾਬ ਦੇ ਲੋਕ ਬਰਨਾਲਾ ਵਿੱਚ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦਾ ਵੀ ਜਵਾਬ ਮੰਗਦੇ ਨੇ ।
ਦਿਲਬਾਗ ਸਿੰਘ "ਹੈਪੀ ਭੁੱਲਰ" ਨੇ ਕਿਹਾ ਕਿ ਦਿੱਲੀ ਵਿਖੇ ਆਪਣੇ ਹੱਕਾਂ ਲਈ ਲੜ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਸਬੰਧੀ ਹੰਝੂ ਵਹਾਉਣੇ ਆਸਾਨ ਹਨ, ਪਰ ਪੰਜਾਬ ਦੇ ਬਰਨਾਲਾ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ’ਤੇ ਕਥਿਤ ਲਾਠੀਚਾਰਜ ਅਤੇ ਉਨ੍ਹਾਂ ਦੇ ਸਰੀਰਾਂ ’ਤੇ ਪਏ ਡਾਂਗਾਂ ਦੇ ਨਿਸ਼ਾਨਾਂ ਬਾਰੇ ਪੰਜਾਬ ਸਰਕਾਰ ਚੁੱਪ ਕਿਉਂ ਹੈ? ਉਨ੍ਹਾਂ ਕਿਹਾ ਕਿ ਜਿਹੜੇ ਸਫ਼ਾਈ ਸੇਵਕ ਦਿਨ-ਰਾਤ ਮਿਹਨਤ ਕਰਕੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਦੇ ਹਨ, ਉਹ ਆਪਣੇ ਹੱਕ ਮੰਗ ਰਹੇ ਸਨ, ਭੀਖ ਨਹੀਂ।ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਹੈ ਕਿ ਉਹ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣੇ ਅਤੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰੇ।
ਹੈਪੀ ਭੁੱਲਰ ਨੇ ਕਿਹਾ ਕਿ ਇੱਕ ਪਾਸੇ ‘ਆਪ’ ਆਗੂ ਦਿੱਲੀ ਵਿੱਚ ਲਾਠੀਚਾਰਜ ਦੀਆਂ ਘਟਨਾਵਾਂ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦਿੰਦੇ ਹਨ ਅਤੇ ਦੂਜੇ ਪਾਸੇ ਪੰਜਾਬ ਵਿੱਚ ਆਪਣੀ ਹੀ ਸਰਕਾਰ ਦੇ ਰਾਜ ਦੌਰਾਨ ਸਫ਼ਾਈ ਸੇਵਕਾਂ ਨਾਲ ਅਜਿਹਾ ਵਤੀਰਾ ਕੀਤਾ ਜਾਂਦਾ ਹੈ। ਇਹ ਦੋਗਲੀ ਨੀਤੀ ਹੁਣ ਪੰਜਾਬ ਦੇ ਲੋਕਾਂ ਤੋਂ ਲੁਕੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਨਾਗਰਿਕ ਅਤੇ ਹਰ ਮੁਲਾਜ਼ਮ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਣ ਦਾ ਹੱਕ ਹੈ। ਸਰਕਾਰ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਨਾ ਕਿ ਉਨ੍ਹਾਂ ਨੂੰ ਡਰਾਉਣ ਜਾਂ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦਿਲਬਾਗ ਸਿੰਘ "ਹੈਪੀ ਭੁੱਲਰ" ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੇ ਹਰ ਕੰਮ ਅਤੇ ਹਰ ਫੈਸਲੇ ਨੂੰ ਬੜੇ ਗੌਹ ਨਾਲ ਦੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦੋਗਲੀ ਨੀਤੀ ਦਾ ਹਿਸਾਬ ਜ਼ਰੂਰ ਲੈਣਗੇ।