ਅੰਮ੍ਰਿਤਸਰ ਸਾਹਿਬ ,17 ਮਈ ( ਜਸ਼ਨ ) ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਅਤੇ ਅਕਾਲੀ ਦਲ-ਪੁਨਰ ਸੁਰਜੀਤ ਧਿਰ ਵਿਚਕਾਰ ਇੱਕ ਸਾਂਝੀ 8 ਮੈਂਬਰੀ “ਪੰਥਕ ਏਕਤਾ ਤਾਲਮੇਲ ਕਮੇਟੀ” ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ, ਪਰ ਕੁਝ ਮੂਲ ਅਤੇ ਅਹਿਮ ਸਿਧਾਂਤਕ ਮੁੱਦਿਆਂ ’ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਤਾਲਮੇਲ ਅੱਗੇ ਨਹੀਂ ਵੱਧ ਸਕਿਆ। ਇਹ ਬਿਆਨ ਜਾਰੀ ਕਰਦਿਆਂ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੀ ਚਾਰ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਸ੍ਰ ਬਾਬੂ ਸਿੰਘ ਬਰਾੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਰਈਆ ਅਤੇ ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਸਪੱਸ਼ਟ ਭਾਵਨਾ ਹੈ ਕਿ ਪੰਥ ਅਤੇ ਪੰਜਾਬ ਦੀ ਅਗਵਾਈ ਸਿਰਫ ਉਹੀ ਆਗੂ ਕਰਨ ਜੋ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸਾਫ-ਸੁਥਰੇ ਅਕਸ ਵਾਲੇ ਹੋਣ। ਉਹਨਾਂ ਕਿਹਾ ਕਿ “ਪੰਥਕ ਏਕਤਾ ਤਾਲਮੇਲ ਕਮੇਟੀ” ਦੇ ਗਠਨ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿੱਚ ਇਹ ਆਪਸੀ ਸਹਿਮਤੀ ਬਣੀ ਸੀ ਕਿ ਜਿਹੜੇ ਆਗੂ “ਪੰਥ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੇ ਹਨ”, ਉਹਨਾਂ ਨੂੰ ਅਗਵਾਈ ਤੋਂ ਪਾਸੇ ਕੀਤਾ ਜਾਵੇਗਾ। ਪਰੰਤੂ ਦੂਜੀ ਧਿਰ ਵੱਲੋਂ ਨਾ ਸਿਰਫ ਅਜਿਹੇ ਆਗੂਆਂ ਨੂੰ ਸਨਮਾਨਿਤ ਅਹੁਦੇ ਦਿੱਤੇ ਗਏ, ਸਗੋਂ ਉਹਨਾਂ ਨੂੰ ਅਗਵਾਈ ਦੀ ਕਮਾਨ ਵੀ ਸੌਂਪੀ ਗਈ, ਜੋ ਪੰਥਕ ਏਕਤਾ ਦੀ ਭਾਵਨਾ ਅਤੇ ਸੰਗਤਾਂ ਦੀਆਂ ਉਮੀਦਾਂ ਦੇ ਉਲਟ ਹੈ। ਉਹਨਾਂ ਕਿਹਾ ਕਿ ਦੂਜੀ ਧਿਰ ਦੀ ਲੀਡਰਸ਼ਿਪ ਵੱਲੋਂ ਲਗਾਤਾਰ ਗੈਰ-ਜਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਨਾਲ ਗਠਜੋੜ ਦੀ ਬੁਨਿਆਦ ਹੀ ਕਮਜ਼ੋਰ ਹੋ ਰਹੀ ਸੀ। ਇਸ ਸਥਿਤੀ ਨੂੰ ਵੇਖਦਿਆਂ ਅਤੇ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਸਥਾਰਤ ਰਾਇ-ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ। ਤਾਲਮੇਲ ਕਮੇਟੀ ਨੇ ਇਹ ਵੀ ਕਿਹਾ ਕਿ ਦੂਜੀ ਧਿਰ ਵਿੱਚ ਮੌਜੂਦ ਕਈ ਸੁਹਿਰਦ, ਪੰਥਕ ਸੋਚ ਵਾਲੇ ਅਤੇ ਸਾਫ ਅਕਸ ਦੇ ਆਗੂਆਂ ਨੇ ਇਸ ਗਠਜੋੜ ਨੂੰ ਸਫਲ ਬਣਾਉਣ ਲਈ ਇਮਾਨਦਾਰ ਕੋਸ਼ਿਸ਼ਾਂ ਕੀਤੀਆਂ, ਪਰ ਮੌਜੂਦਾ ਹਾਲਾਤਾਂ ਵਿੱਚ ਉਹ ਖੁਦ ਵੀ ਬੇਵੱਸ ਨਜ਼ਰ ਆ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸੁਹਿਰਦ ਆਗੂਆਂ ਲਈ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿਣਗੇ ਅਤੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਫ-ਸੁਥਰੀ ਪੰਥਕ ਸਿਆਸਤ ਦਾ ਸੰਘਰਸ਼ ਜਾਰੀ ਰਹੇਗਾ।
ਦੂਜੇ ਪਾਸੇ ਸਾਂਝੀ 8 ਮੈਂਬਰੀ “ਪੰਥਕ ਏਕਤਾ ਤਾਲਮੇਲ ਕਮੇਟੀ” ਦੇ ਮੈਂਬਰ ਸੁੱਚਾ ਸਿੰਘ ਛੋਟੇਪੁਰ ਨੇ ਮੀਡੀਆ ਵਿਚ ਕਿਹਾ ਕਿ ਉਹਨਾਂ ਦੇ ਅਕਾਲੀ ਦਲ-ਪੁਨਰ ਸੁਰਜੀਤ ਵਲੋਂ ਪੰਥਿਕ ਹਿਤਾਂ ਵਿਚ ਏਕਤਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਮਾੜੇ ਭਾਗੀਂ ਇਹ ਯਤਨ ਸਿਰੇ ਨਹੀਂ ਚੜ੍ਹ ਸਕੇ । ਇਸ ਤੋਂ ਇਲਾਵਾ ਮਨਪ੍ਰੀਤ ਅਯਾਲੀ ਅਤੇ ਗੁਰਪ੍ਰਤਾਪ ਵਡਾਲਾ ਨੇ ਆਖਿਆ ਕਿ 8 ਮੈਂਬਰੀ “ਪੰਥਕ ਏਕਤਾ ਤਾਲਮੇਲ ਕਮੇਟੀ” ਦੀਆਂ ਮੀਟਿੰਗਾਂ ਦੌਰਾਨ ਕਦੇ ਵੀ ਅਜਿਹੇ ਮੁੱਦੇ ਨਹੀਂ ਉਠਾਏ ਗਏ ਜਿਵੇਂ ਕਿ ਹੁਣ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਆਗੂਆਂ ਵਲੋਂ ਬਿਆਨ ਕੀਤੇ ਜਾ ਰਹੇ ਨੇ।
ਜ਼ਿਕਰਯੋਗ ਹੈ ਕਿ ਅਕਾਲੀ ਦਲ-ਪੁਨਰ ਸੁਰਜੀਤ ਲਈ ਅੱਜ ਲਗਾਤਾਰ ਦੂਜਾ ਵੱਡਾ ਝਟਕਾ ਹੈ ਕਿਉਂਕਿ ਬੀਤੇ ਕੱਲ ਵੱਡੇ ਕੱਦ ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਪਾਰਟੀ ਨੂੰ ਅਲਵਿਦਾ ਕਹਿੰਦਿਆਂ, ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ।