ਲੁਧਿਆਣਾ 12 ਮਈ( ਕੁਲਦੀਪ ਲੋਹਟ )
ਸਿਰਫ਼ ਕੈਲੰਡਰ ਦੀ ਇੱਕ ਤਾਰੀਖ਼ ਨਹੀਂ, ਇਹ ਪੰਜਾਬੀ ਅਦਬ ਦੀ ਰੂਹ ‘ਤੇ ਲੱਗਿਆ ਉਹ ਡੂੰਘਾ ਜ਼ਖ਼ਮ ਹੈ ਜੋ ਹਰ ਸੰਵੇਦਨਸ਼ੀਲ ਦਿਲ ਨੂੰ ਉਮਰ ਭਰ ਰੁਆਉਂਦਾ ਰਹੇਗਾ। ਇਹ ਉਹ ਦਿਨ ਸੀ ਜਦੋਂ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਮਿੱਠੜਾ, ਸਭ ਤੋਂ ਦਰਦੀਲਾ ਅਤੇ ਰੂਹਾਂ ਨੂੰ ਛੂਹ ਲੈਣ ਵਾਲਾ ਸ਼ਾਇਰ ਡਾ. ਸੁਰਜੀਤ ਪਾਤਰ ਸਦਾ ਲਈ ਖਾਮੋਸ਼ ਹੋ ਗਿਆ। ਅੱਜ ਵੀ ਜਦੋਂ ਉਹ ਦਿਨ ਯਾਦ ਆਉਂਦਾ ਹੈ ਤਾਂ ਦਿਲ ਕੰਬ ਉਠਦਾ ਹੈ। ਅੱਖਾਂ ਅਣਜਾਣੇ ਹੀ ਨਮ ਹੋ ਜਾਂਦੀਆਂ ਹਨ। ਲੱਗਦਾ ਹੈ ਜਿਵੇਂ ਕਲਮ ਵੀ ਰੋ ਰਹੀ ਹੋਵੇ, ਸ਼ਬਦ ਵੀ ਸਿਸਕ ਰਹੇ ਹੋਣ ਅਤੇ ਕੋਰਾ ਕਾਗਜ਼ ਹੰਝੂਆਂ ਦੀ ਨਮੀ ਨਾਲ ਭਿੱਜ ਰਿਹਾ ਹੋਵੇ।
ਕਈ ਵਾਰ ਜ਼ਿੰਦਗੀ ਕੁਝ ਐਸੇ ਪਲ ਬਖ਼ਸ਼ ਦਿੰਦੀ ਹੈ ਜੋ ਉਸ ਵੇਲੇ ਤਾਂ ਆਮ ਲੱਗਦੇ ਹਨ, ਪਰ ਬਾਅਦ ‘ਚ ਉਹੀ ਪਲ ਯਾਦਾਂ ਦਾ ਸਭ ਤੋਂ ਵੱਡਾ ਦਰਦ ਬਣ ਜਾਂਦੇ ਹਨ। ਉਹ ਰਾਤ ਵੀ ਐਸੀ ਹੀ ਸੀ। ਕੌਣ ਜਾਣਦਾ ਸੀ ਕਿ ਹਾਸਿਆਂ, ਗੀਤਾਂ ਅਤੇ ਯਾਰਾਂ ਦੀ ਉਸ ਮਹਿਫ਼ਲ ‘ਚ ਦਰਅਸਲ ਇੱਕ ਅੰਤਿਮ ਵਿਦਾਈ ਲੁਕੀ ਬੈਠੀ ਹੈ। ਕੌਣ ਜਾਣਦਾ ਸੀ ਕਿ ਜਿਸ ਚਿਹਰੇ ਦੀ ਮੁਸਕਾਨ ਅਸੀਂ ਆਪਣੇ ਸਾਹਮਣੇ ਦੇਖ ਰਹੇ ਹਾਂ, ਉਹ ਸਵੇਰ ਹੋਣ ਤੱਕ ਸਿਰਫ਼ ਸਿਮਰਤੀ ਬਣ ਜਾਵੇਗੀ।ਦੁਪਹਿਰ ਦੇ ਕਰੀਬ ਦੋ ਢਾਈ ਵੱਜੇ ਹੋਣਗੇ। ਫੋਨ ਦੀ ਘੰਟੀ ਵੱਜੀ। ਜਸਵੰਤ ਸੰਦੀਲਾ ਭਾਅ ਜੀ ਸਨ, “ਲੋਹਟ, ਆਥਣੇ ਕੀ ਕਰ ਰਿਹਾ ਏਂ…?”
ਮੈਂ ਸਹਿਜੇ ਹੀ ਕਿਹਾ “ਕੁਝ ਨਹੀਂ ਭਾਜੀ, ਹੁਕਮ ਕਰੋ…”
“ਹਰਜਿੰਦਰ ਸਿੰਘ ਥਿੰਦ ਆ ਰਹੇ ਨੇ… ਮੈਂ ਤੇ ਸਦੀਕ ਸਾਬ੍ਹ ਵੀ ਆਵਾਂਗੇ… ਹੋ ਸਕਦਾ ਪਾਤਰ ਸਾਬ੍ਹ ਵੀ ਆ ਜਾਣ… ਤੂੰ ਵੀ ਆ ਜਾਈਂ, ਬਹਾਨੇ ਨਾਲ ਮਿਲ ਲਵਾਂਗੇ…”
“ਮਿਲ ਲਵਾਂਗੇ…” ਉਸ ਵੇਲੇ ਇਹ ਸਧਾਰਣ ਜਿਹਾ ਸ਼ਬਦ ਸੀ, ਪਰ ਹੁਣ ਇਹ ਸ਼ਬਦ ਦਿਲ ਦੇ ਕਿਸੇ ਕੋਨੇ ‘ਚ ਸਦੀਵੀ ਚੀਕ ਬਣ ਕੇ ਵੱਸ ਗਿਆ ਹੈ। ਕਾਸ਼ ਉਸ ਵੇਲੇ ਪਤਾ ਹੁੰਦਾ ਕਿ ਇਹ “ਮਿਲਣਾ” ਆਖਰੀ ਮਿਲਾਪ ਹੋਵੇਗਾ, ਤਾਂ ਸ਼ਾਇਦ ਅਸੀਂ ਉਹ ਪਲ ਆਪਣੀਆਂ ਧੜਕਣਾਂ ‘ਚ ਕੈਦ ਕਰ ਲੈਂਦੇ।
ਸ਼ਾਮ ਸੱਤ ਵਜੇ ਜਗਰਾਉਂ ਦੇ ਲੁਧਿਆਣਾ ਰੋਡ ‘ਤੇ ਸਥਿਤ ਹੋਟਲ ਫਾਈਵ ਰੀਵਰ ਵਿੱਚ ਮਹਿਫ਼ਲ ਜੁੜੀ। ਜੀ.ਐਸ. ਪੀਟਰ ਮੇਜ਼ਬਾਨ ਸੀ।ਢਇੱਕ ਬੇਹੱਦ ਸੁਰੀਲਾ, ਮੁਹੱਬਤੀ ਅਤੇ ਰੂਹਦਾਰ ਫਨਕਾਰ। ਪੀਟਰ ਦੀ ਗਾਇਕੀ ਵਿੱਚ ਦਰਦ ਵੀ ਸੀ, ਮਿਠਾਸ ਵੀ ਅਤੇ ਇੱਕ ਅਜਿਹਾ ਸੱਚ ਵੀ, ਜੋ ਸਿੱਧਾ ਦਿਲ ਵਿੱਚ ਉਤਰ ਜਾਂਦਾ ਸੀ। ਡਾ. ਪਾਤਰ ਉਸਦੀ ਆਵਾਜ਼ ਨੂੰ ਪਿਆਰ ਕਰਦੇ ਸਨ ਅਤੇ ਪੀਟਰ ਪਾਤਰ ਸਾਬ੍ਹ ਦੀ ਕਲਮ ਦਾ ਆਸ਼ਕ ਸੀ। ਜਦੋਂ ਇਹ ਦੋ ਰੂਹਾਂ ਮਿਲਦੀਆਂ ਸਨ ਤਾਂ ਲੱਗਦਾ ਸੀ ਜਿਵੇਂ ਸਾਹਿਤ ਅਤੇ ਸੰਗੀਤ ਆਪਸ ‘ਚ ਗਲੇ ਮਿਲ ਰਹੇ ਹੋਣ।
ਹੋਟਲ ਦਾ ਮਾਲਕ ਬਲਦੇਵ ਬਾਵਾ ਵੀ ਫਨਕਾਰਾਂ ਦਾ ਦਿਲੋਂ ਕਦਰਦਾਨ ਸੀ। ਉਸ ਰਾਤ ਮਾਹੌਲ ਵਿੱਚ ਇੱਕ ਅਜੀਬ ਜਿਹਾ ਨਿੱਘ ਸੀ। ਹਰ ਚਿਹਰੇ ‘ਤੇ ਰੌਣਕ ਸੀ। ਹਰ ਅੱਖ ਵਿੱਚ ਚਮਕ। ਮਹਿਫ਼ਲ ਪੂਰੇ ਰੰਗ ‘ਚ ਸੀ। ਮੈਂ ਜਦ ਪਹੁੰਚਿਆ ਤਾਂ ਲੱਗਿਆ ਜਿਵੇਂ ਰੂਹਾਂ ਦੀ ਕੋਈ ਜੰਨਤ ਸਜੀ ਹੋਵੇ।
ਜੀ.ਐਸ. ਪੀਟਰ ਪਾਤਰ ਸਾਬ੍ਹ ਦੀ ਰਚਨਾ ਗਾ ਰਿਹਾ ਸੀ—
“ਅਗਲੇ ਨੂੰ ਡੋਬ ਗਹਿਰਾ ਅਤੇ ਆਪ ਲੰਘ ਜਾਣਾ, ਭਿੱਜ ਜਾਣ ਜਦ ਦੋ ਰੂਹਾਂ, ਕੱਲਿਆਂ ਨਹੀਂ ਤਰੀਦਾ… ਏਦਾਂ ਨਹੀਂ ਕਰੀਦਾ…”
ਉਸਦੀ ਸੋਜ਼ਮਈ ਆਵਾਜ਼ ਨੇ ਮਾਹੌਲ ਨੂੰ ਇਕ ਅਜੀਬ ਜਿਹੀ ਉਦਾਸੀ ਨਾਲ ਭਰ ਦਿੱਤਾ। ਕੁਝ ਪਲਾਂ ਲਈ ਮਹਿਫ਼ਲ ‘ਚ ਚੁੱਪ ਛਾ ਗਈ। ਲੱਗਦਾ ਸੀ ਜਿਵੇਂ ਹਰ ਸ਼ਖ਼ਸ ਆਪਣੇ ਅੰਦਰਲੇ ਸਮੁੰਦਰ ਵਿੱਚ ਡੁੱਬ ਗਿਆ ਹੋਵੇ। ਲੋਕਾਂ ਦੀਆਂ ਅੱਖਾਂ ‘ਚ ਨਮੀ ਸੀ। ਰੂਹਾਂ ਜਿਵੇਂ ਭਿੱਜ ਗਈਆਂ ਸਨ।
ਫਿਰ ਸਭ ਦੀਆਂ ਨਜ਼ਰਾਂ ਪਾਤਰ ਸਾਬ੍ਹ ਵੱਲ ਮੁੜ ਗਈਆਂ।
ਅਤੇ ਫਿਰ… ਉਹ ਮਿਸ਼ਰੀ ਵਰਗੀ ਮਿੱਠੀ, ਰੂਹ ਨੂੰ ਛੂਹ ਲੈਣ ਵਾਲੀ ਆਵਾਜ਼ ਗੂੰਜੀ—
“ਹੁੰਦਾ ਸੀ ਇਹ ਸ਼ਖਸ ਇਕ ਸੱਚਾ ਕਿੱਧਰ ਗਿਆ, ਇਸ ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ਾ ਕਿੱਧਰ ਗਿਆ… ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ, ਸਾਜਿੰਦੇ ਪੁੱਛਦੇ ਸਾਜ਼ ਨੂੰ ਨਗਮਾਂ ਕਿੱਧਰ ਗਿਆ…”
ਹਾਏ…! ਉਸ ਵੇਲੇ ਇਹ ਸਿਰਫ਼ ਗ਼ਜ਼ਲ ਨਹੀਂ ਸੀ। ਇਹ ਤਾਂ ਜਿਵੇਂ ਆਉਣ ਵਾਲੇ ਵਿਛੋੜੇ ਦੀ ਪੇਸ਼ੀਨਗੋਈ ਸੀ। ਕਿਸੇ ਨੂੰ ਕੀ ਪਤਾ ਸੀ ਕਿ ਅਗਲੇ ਹੀ ਦਿਨ ਇਹ ਸ਼ਬਦ ਪੰਜਾਬੀ ਅਦਬ ਦੀ ਕਿਸਮਤ ਬਣ ਜਾਣਗੇ। ਕਿਸੇ ਨੂੰ ਕੀ ਪਤਾ ਸੀ ਕਿ ਸੱਚਮੁੱਚ ਉਹ “ਤਾਰ” ਟੁੱਟਣ ਵਾਲੀ ਹੈ ਜੋ ਲੱਖਾਂ ਦਿਲਾਂ ਨੂੰ ਜੋੜਦੀ ਸੀ।
ਉਸ ਗ਼ਜ਼ਲ ਦੌਰਾਨ ਪਾਤਰ ਸਾਬ੍ਹ ਦੇ ਚਿਹਰੇ ‘ਤੇ ਇਕ ਅਜੀਬ ਜਿਹਾ ਸਕੂਨ ਸੀ। ਅੱਖਾਂ ‘ਚ ਡੂੰਘਾਈ ਸੀ। ਲੱਗਦਾ ਸੀ ਜਿਵੇਂ ਉਹ ਆਪਣੇ ਸ਼ਬਦਾਂ ਰਾਹੀਂ ਆਪਣੀ ਰੂਹ ਸਾਡੇ ਹਵਾਲੇ ਕਰ ਰਹੇ ਹੋਣ। ਉਨ੍ਹਾਂ ਦੀ ਆਵਾਜ਼ ਵਿੱਚ ਦਰਦ ਵੀ ਸੀ, ਦੁਆ ਵੀ ਅਤੇ ਇਕ ਅਜਿਹਾ ਵਿਛੋੜਾ ਵੀ ਜਿਸਨੂੰ ਅਸੀਂ ਉਸ ਵੇਲੇ ਸਮਝ ਨਾ ਸਕੇ।ਫਿਰ ਮਹਿਫ਼ਲ ਹੌਲੀ-ਹੌਲੀ ਮੁੜ ਹਾਸਿਆਂ ਵੱਲ ਮੋੜੀ। ਜਸਵੰਤ ਸੰਦੀਲਾ ਨੇ ਆਪਣੇ ਅੰਦਾਜ਼ ‘ਚ ਗਾਇਆ—
“ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ ਪਰ ਟੁੱਟੇ ਨਹੀਂ…” ਇਹ ਬੋਲ ਅੱਜ ਸੁਣੀਏ ਤਾਂ ਦਿਲ ਹੋਰ ਵੀ ਵੱਧ ਟੁੱਟਦਾ ਹੈ।ਫਿਰ ਮੁਹੰਮਦ ਸਦੀਕ ਸਾਬ੍ਹ ਨੇ ਆਪਣੇ ਮਜਾਹੀਆ ਟੋਟਕਿਆਂ ਨਾਲ ਮਹਿਫ਼ਲ ਵਿੱਚ ਹਾਸਿਆਂ ਦੀਆਂ ਫੁੱਲਝੜੀਆਂ ਬਿਖੇਰ ਦਿੱਤੀਆਂ। ਹਰਜਿੰਦਰ ਸਿੰਘ ਥਿੰਦ ਬੱਚਿਆਂ ਵਾਂਗ ਨਿਰਛਲ ਹੱਸ ਰਹੇ ਸਨ। ਉਹ ਹੱਥ ‘ਤੇ ਹੱਥ ਮਾਰਦੇ ਅਤੇ ਆਖਦੇ “ਵਾਹ ਯਾਰ… ਨਜ਼ਾਰਾ ਆ ਗਿਆ…”
ਉਹ ਰਾਤ ਜਿਵੇਂ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਸੀ। ਕਿਸੇ ਦਾ ਵੀ ਘਰ ਜਾਣ ਨੂੰ ਦਿਲ ਨਹੀਂ ਸੀ ਕਰਦਾ। ਲੱਗਦਾ ਸੀ ਸਮਾਂ ਠਹਿਰ ਜਾਵੇ। ਇਹ ਮਹਿਫ਼ਲ ਕਦੇ ਖ਼ਤਮ ਨਾ ਹੋਵੇ।
ਪਰ ਹਰ ਮਿਲਾਪ ਦੀ ਕਿਸਮਤ ‘ਚ ਵਿਛੋੜਾ ਲਿਖਿਆ ਹੁੰਦਾ ਹੈ।
ਜਦੋਂ ਪਾਤਰ ਸਾਬ੍ਹ ਜਾਣ ਲੱਗੇ ਤਾਂ ਉਹ ਹਰ ਇਕ ਨੂੰ ਘੁੱਟ ਕੇ ਮਿਲੇ। ਉਨ੍ਹਾਂ ਦੀਆਂ ਜੱਫੀਆਂ ਵਿੱਚ ਅਜੀਬ ਜਿਹਾ ਨਿੱਘ ਸੀ। ਜਿਵੇਂ ਕੋਈ ਆਪਣਾ ਬਹੁਤ ਦੂਰ ਜਾਣ ਤੋਂ ਪਹਿਲਾਂ ਆਖਰੀ ਵਾਰ ਮਿਲਦਾ ਹੋਵੇ। ਸਦੀਕ ਸਾਬ੍ਹ ਨੇ ਉਨ੍ਹਾਂ ਨੂੰ ਘੁੱਟ ਕੇ ਜੱਫ਼ੀ ਪਾਈ। ਸੰਦੀਲਾ ਭਾਅ ਜੀ ਮਿਲੇ। ਮੈਂ ਚਰਨ ਛੂਹੇ। ਪਾਤਰ ਸਾਬ੍ਹ ਮੁਸਕੁਰਾਏ…
ਹਾਏ… ਉਹ ਮੁਸਕਾਨ…! ਅੱਜ ਵੀ ਯਾਦ ਆਵੇ ਤਾਂ ਅੱਖਾਂ ਭਰ ਆਉਂਦੀਆਂ ਹਨ।
ਕਾਰ ਹੌਲੀ-ਹੌਲੀ ਤੁਰ ਪਈ।
ਪਰ ਅਚਾਨਕ… ਮੁਹੰਮਦ ਸਦੀਕ ਸਾਬ੍ਹ ਆਪਣੀ ਗੱਡੀ ‘ਚੋਂ ਉਤਰ ਆਏ। ਮੇਰੇ ਅਤੇ ਸੰਦੀਲਾ ਭਾਅ ਜੀ ਦੇ ਮੋਢਿਆਂ ‘ਤੇ ਹੱਥ ਰੱਖ ਕੇ ਕੁਝ ਪਲ ਚੁੱਪ ਖੜ੍ਹੇ ਰਹੇ। ਉਨ੍ਹਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਫਿਰ ਭਾਰੇ ਗਲੇ ਨਾਲ ਬੋਲੇ—
“ਸੰਦੀਲੇ… ਜਦ ਕਦੇ ਇਹੋ ਜਿਹੀ ਮਹਿਫ਼ਲ ਜੁੜੇ… ਪਾਤਰ ਸਾਬ੍ਹ ਹੋਣ… ਮੈਨੂੰ ਜ਼ਰੂਰ ਦੱਸਿਆ ਕਰ ਯਾਰ…”
ਉਸ ਵੇਲੇ ਇਹ ਗੱਲ ਆਮ ਜਿਹੀ ਲੱਗੀ ਸੀ। ਪਰ ਅਗਲੀ ਸਵੇਰ…
ਫੇਸਬੁੱਕ ‘ਤੇ ਸਦੀ ਦੇ ਮਹਾਂ ਕਵੀ ਪਾਤਰ ਦੇ ਅਕਾਲ ਚਲਾਣੇ ਦੀ ਕਨਸੋਅ ਮਿਲੀ
“ਮਹਾਨ ਸ਼ਾਇਰ ਸੁਰਜੀਤ ਪਾਤਰ ਨਹੀਂ ਰਹੇ…” ।ਇੰਝ ਲੱਗਾ ਕਿ ਬੀਤੀ ਕੱਲ੍ਹ ਡਾ.ਪਾਤਰ ਦੇ ਮੂੰਹੋਂ ਸੁਣਿਆ ਗੀਤ ਸਾਧਾਰਨ ਨਹੀ ਸਗੋਂ ਉਨ੍ਹਾਂ ਦਾ ਸਵੈਨ ਸੌੰਗ ਸੀ।
ਇੰਝ ਲੱਗਿਆ ਜਿਵੇਂ ਅੰਦਰ ਕੁਝ ਟੁੱਟ ਗਿਆ ਹੋਵੇ। ਹੱਥ ਕੰਬਣ ਲੱਗ ਪਏ। ਅੱਖਾਂ ਅੱਗੇ ਹਨੇਰਾ ਛਾ ਗਿਆ। ਕੱਲ੍ਹ ਰਾਤ ਦੀਆਂ ਹੱਸਦੀਆਂ ਤਸਵੀਰਾਂ ਅੱਖਾਂ ਸਾਹਮਣੇ ਘੁੰਮਣ ਲੱਗੀਆਂ। ਉਹ ਹਾਸੇ, ਉਹ ਜੱਫੀਆਂ, ਉਹ ਗੱਲਾਂ… ਸਭ ਕੁਝ ਇੱਕਦਮ ਵੈਣਾਂ ‘ਚ ਬਦਲ ਗਿਆ। ਲੱਗਿਆ ਜਿਵੇਂ ਪੰਜਾਬੀ ਮਾਂ ਬੋਲੀ ਦਾ ਇਕ ਵੱਡਾ ਥੰਮ ਡਿੱਗ ਪਿਆ ਹੋਵੇ। ਜਿਵੇਂ ਕਿਸੇ ਨੇ ਪੰਜਾਬੀ ਸਾਹਿਤ ਦੀ ਰੂਹ ਖੋਹ ਲਈ ਹੋਵੇ। ਜਿਵੇਂ ਕੋਈ ਮਿੱਠਾ ਰਾਗ ਅਚਾਨਕ ਅਧੂਰਾ ਰਹਿ ਗਿਆ ਹੋਵੇ। ਹੁਣ ਉਹ ਮਹਿਫ਼ਲ ਕਦੇ ਨਹੀਂ ਜੁੜੇਗੀ। ਹੁਣ ਉਹ ਮਿਸ਼ਰੀ ਵਰਗੀ ਆਵਾਜ਼ ਕਦੇ ਨਹੀਂ ਗੂੰਜੇਗੀ। ਹੁਣ ਕੋਈ ਰੂਹ ਨੂੰ ਐਦਾਂ ਨਹੀਂ ਛੂਹੇਗਾ।
ਪਰ ਅੱਜ ਵੀ… ਜਦੋਂ ਰਾਤ ਡੂੰਘੀ ਹੁੰਦੀ ਹੈ… ਜਦੋਂ ਯਾਦਾਂ ਅੱਖਾਂ ‘ਚ ਹੰਝੂ ਬਣ ਕੇ ਉਤਰਦੀਆਂ ਹਨ… ਤਾਂ ਪਾਤਰ ਸਾਬ੍ਹ ਦੀ ਉਹੀ ਆਵਾਜ਼ ਕੰਨਾਂ ‘ਚ ਗੂੰਜਦੀ ਹੈ—
“ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ, ਸਾਜਿੰਦੇ ਪੁੱਛਦੇ ਸਾਜ਼ ਨੂੰ ਨਗਮਾਂ ਕਿੱਧਰ ਗਿਆ…”
ਅਤੇ ਸੱਚਮੁੱਚ… ਅੱਜ ਪੰਜਾਬੀ ਮਾਂ ਬੋਲੀ, ਪੰਜਾਬੀ ਅਦਬ, ਪੰਜਾਬ ਦੀ ਮਿੱਟੀ ਅਤੇ ਹਰ ਸੰਵੇਦਨਸ਼ੀਲ ਦਿਲ ਇਹੀ ਪੁੱਛ ਰਿਹਾ ਹੈ। “ਓਹ ਨਗਮਾ ਕਿੱਧਰ ਗਿਆ…?। ਓਹ ਰੂਹ ਕਿੱਧਰ ਗਈ…?”। ਪਾਤਰ ਸਾਡੇ ਵਿਚਕਾਰ ਨਹੀ ਹਨ ਪ੍ਰੰਤੂ ਉਨ੍ਹਾਂ ਦੀਆਂ ਲਿਖਤਾਂ ਅਮਰ ਨੇ ਅਤੇ ਅਮਰ ਰਹਿਣਗੀਆਂ ਸਦਾ ਹੀ।

-ਕੁਲਦੀਪ ਸਿੰਘ ਲੋਹਟ
ਪਿੰਡ ਤੇ ਡਾਕ.ਅਖਾੜਾ ( ਲੁਧਿਆਣ)
9876492410




