ਧਰਮਕੋਟ,4 ਅਕਤੂਬਰ (ਜਸ਼ਨ ) ਕੇਂਦਰ ਸਰਕਾਰ ਵੱਲੋਂ ਆਉਂਦੇ ਹਾੜ੍ਹੀ ਦੇ ਸੀਜ਼ਨ ਲਈ 6 ਫ਼ਸਲਾਂ ਦੇ ਭਾਅ ’ਚ ਕੀਤੇ ਗਏ ਨਿਗੂਣੇ ਜਿਹੇ ਵਾਧੇ ’ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਿਲ ਧਰਮਕੋਟ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਰੇਟ ’ਚ ਮਹਿਜ਼ 25 ਰੁਪਏ ਦਾ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਆਪਣੀ ਕਿਸਾਨ ਵਿਰੋਧੀ ਸੋਚ ਇਕ ਵਾਰ ਫਿਰ ਜੱਗ-ਜ਼ਾਹਰ ਕਰ ਦਿੱਤੀ ਹੈ। ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਲੰਬੇ ਸਮੇਂ ਤੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਹੇਵੰਦ ਭਾਅ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕਰ ਰਹੀ ਹੈ। ਉਨ੍ਹਾਂ ਖ਼ਰਚਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ’ਚ ਹੋਰ ਖੇਤੀ ਖ਼ਰਚਿਆਂ ਤੋਂ ਇਲਾਵਾ ਸਿਰਫ਼ ਡੀਜ਼ਲ ਦੀ ਕੀਮਤ ’ਚ ਹੀ ਪ੍ਰਤੀ 100 ਲਿਟਰ 1700 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਖਾਦਾਂ, ਕੀਟਨਾਸ਼ਕ ਦਵਾਈਆਂ, ਲੇਬਰ ਅਤੇ ਘਰੇਲੂ ਵਰਤੋਂ ’ਚ ਆਉਣ ਵਾਲੀ ਹਰੇਕ ਵਸਤੂ ਦੀ ਕੀਮਤ ’ਚ ਕਰੀਬ 30 ਤੋਂ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਲਖਜਿੰਦਰ ਸਿੰਘ ਮਾਨ ਸ਼ਹਿਰੀ ਪ੍ਰਧਾਨ, ਮੱਘਰ ਸਿੰਘ, ਬੋਹੜ ਸਿੰਘ, ਪਰਮਜੀਤ ਸਿੰਘ, ਵਿਕਾਸ ਚੋਪੜਾ ਪ੍ਰਧਾਨ ਵਪਾਰ ਵਿੰਗ ਹਾਜ਼ਰ ਸਨ।
ਖ਼ਬਰਾਂ
ਕਣਕ ਦੇ ਰੇਟ ’ਚ 25 ਰੁਪਏ ਦਾ ਨਿਗੂਣਾ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ : ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ
5 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



