ਕਈ ਵਾਰ ਕੋਈ ਸਮਾਗਮ ਸਿਰਫ਼ ਇੱਕ ਸਮਾਗਮ ਨਹੀਂ ਰਹਿੰਦਾ, ਸਗੋਂ ਆਪਣੇ ਪਿੱਛੇ ਅਜਿਹੀ ਯਾਦ ਛੱਡ ਜਾਂਦਾ ਹੈ, ਜਿਸ ਦੀ ਮਹਿਕ ਲੰਮੇ ਸਮੇਂ ਤੱਕ ਮਨਾਂ ਵਿੱਚ ਵੱਸਦੀ ਰਹਿੰਦੀ ਹੈ। ਮੁਡਿਆਣੀ ਪਿੰਡ ਦਾ ਤਾਜ ਪੈਲੇਸ ਵੀ ਅਜਿਹੀ ਹੀ ਇੱਕ ਸ਼ਾਮ ਦਾ ਗਵਾਹ ਬਣਿਆ, ਜਿੱਥੇ ਤੀਆਂ ਦੇ ਰੰਗਾਂ ਵਿੱਚ ਰੰਗੀ ਮਹਿਫ਼ਲ ਨੇ ਔਰਤਾਂ ਦੀਆਂ ਖੁਸ਼ੀਆਂ, ਧੀਆਂ ਦੀਆਂ ਰੀਝਾਂ ਅਤੇ ਪਰਿਵਾਰਕ ਸਾਂਝ ਨੂੰ ਇੱਕ ਨਵਾਂ ਅਰਥ ਦੇ ਦਿੱਤਾ। ਤਾਜ ਪੈਲੇਸ ਦਾ ਵਿਸ਼ਾਲ ਹਾਲ ਬੀਬੀਆਂ-ਭੈਣਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਨੱਕੋ-ਨੱਕ ਭਰਿਆ ਹੋਇਆ ਸੀ। ਦੂਰੋਂ ਵੇਖਿਆਂ ਇੰਝ ਲੱਗਦਾ ਸੀ ਜਿਵੇਂ ਕੋਈ ਵੱਡੀ ਸਿਆਸੀ ਰੈਲੀ ਹੋ ਰਹੀ ਹੋਵੇ। ਪਰ ਇਹ ਹਜੂਮ ਕਿਸੇ ਸਿਆਸੀ ਨਾਅਰੇ ਲਈ ਨਹੀਂ, ਸਗੋਂ ਧੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਪੰਜਾਬ ਦੇ ਰਵਾਇਤੀ ਸੱਭਿਆਚਾਰ ਦੇ ਰੰਗਾਂ ਨੂੰ ਜੀਣ ਲਈ ਇਕੱਠਾ ਹੋਇਆ ਸੀ।ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨਾਲ ਇਸ ਸਮਾਗਮ ਦਾ ਨਾਤਾ ਹੋਣ ਕਰਕੇ ਸ਼ੁਰੂ ਵਿੱਚ ਕਈਆਂ ਦੇ ਮਨਾਂ ਵਿੱਚ ਇਹ ਸ਼ੰਕਾ ਵੀ ਸੀ ਕਿ ਸ਼ਾਇਦ ਇੱਥੇ ਧੀਆਂ ਦੀ ਗੱਲ ਨਾਲੋਂ ਸਿਆਸਤ ਦੀ ਗੱਲ ਵਧੇਰੇ ਹੋਵੇਗੀ। ਪਰ ਜਿਉਂ-ਜਿਉਂ ਸਮਾਗਮ ਅੱਗੇ ਵਧਿਆ, ਇਹ ਸਾਰੇ ਭੁਲੇਖੇ ਦੂਰ ਹੁੰਦੇ ਗਏ। ਪੰਜ-ਸੱਤ ਪ੍ਰਬੰਧਕਾਂ ਤੋਂ ਇਲਾਵਾ ਹਾਲ ਵਿੱਚ ਜ਼ਿਆਦਾਤਰ ਗਿਣਤੀ ਬੀਬੀਆਂ-ਭੈਣਾਂ ਦੀ ਸੀ ਅਤੇ ਮੰਚ ’ਤੇ ਵੀ ਸਿਆਸੀ ਭਾਸ਼ਣਾਂ ਦੀ ਥਾਂ ਧੀਆਂ, ਸੱਭਿਆਚਾਰ ਅਤੇ ਖੁਸ਼ੀਆਂ ਦੀ ਗੱਲ ਹੋਈ।ਇਹ ਸ਼ਾਮ ਸਿਰਫ਼ ਇੱਕ ਸੱਭਿਆਚਾਰਕ ਪ੍ਰੋਗਰਾਮ ਨਹੀਂ ਸੀ। ਇਹ ਪੰਜਾਬ ਦੀਆਂ ਉਹਨਾਂ ਧੀਆਂ ਨੂੰ ਸਮਰਪਿਤ ਮਹਿਫ਼ਲ ਸੀ, ਜਿਨ੍ਹਾਂ ਦੀਆਂ ਅੱਖਾਂ ਵਿੱਚ ਅੱਜ ਵੀ ਪੁਰਾਣੇ ਪੰਜਾਬ ਦੀਆਂ ਤੀਆਂ, ਪੀਂਘਾਂ, ਗਿੱਧੇ ਅਤੇ ਬੋਲੀਆਂ ਦੇ ਸੁਪਨੇ ਵੱਸਦੇ ਹਨ। ਖੁੱਲ੍ਹੇ ਹਾਲ ਵਿੱਚ ਭਾਵੇਂ ਪੀਂਘਾਂ ਨਹੀਂ ਸਨ, ਪਰ ਧੀਆਂ ਦੇ ਪੈਰਾਂ ਵਿੱਚ ਚਾਅ ਦੀਆਂ ਪੀਂਘਾਂ ਜ਼ਰੂਰ ਝੂਲ ਰਹੀਆਂ ਸਨ। ਰੰਗ-ਬਿਰੰਗੇ ਗੋਟੇ ਵਾਲੇ ਪਰਾਂਦੇ, ਝਾਂਜਰਾਂ ਦੀ ਛਣ-ਛਣ ਅਤੇ ਕਿੱਕਲੀਆਂ ਦੀ ਘੁੰਮਣੀ ਨੇ ਮਾਹੌਲ ਨੂੰ ਅਜਿਹਾ ਰੰਗ ਦਿੱਤਾ ਕਿ ਜਿਵੇਂ ਕੁਝ ਪਲਾਂ ਲਈ ਸਮਾਂ ਪਿੱਛੇ ਮੁੜ ਗਿਆ ਹੋਵੇ।ਗਿੱਧੇ ਦੀਆਂ ਧਮਾਲਾਂ ਨਾਲ ਧਰਤੀ ਗੂੰਜਦੀ ਰਹੀ ਅਤੇ ਪੰਜਾਬੀ ਬੋਲੀਆਂ ਨੇ ਅਸਮਾਨ ਤੱਕ ਆਪਣੀ ਆਵਾਜ਼ ਪਹੁੰਚਾਈ। ਚਿਹਰਿਆਂ ’ਤੇ ਮੁਸਕਰਾਹਟਾਂ ਸਨ, ਅੱਖਾਂ ਵਿੱਚ ਚਮਕ ਸੀ ਅਤੇ ਹਰ ਪਾਸੇ ਆਪਣੀ ਮਿੱਟੀ ਨਾਲ ਜੁੜੇ ਹੋਣ ਦਾ ਮਾਣ ਦਿਖਾਈ ਦੇ ਰਿਹਾ ਸੀ। ਪ੍ਰੋਗਰਾਮ ਦੀ ਪ੍ਰਬੰਧਕਾ ਸਰਘੀ ਬੜਿੰਗ ਦੇ ਚਿਹਰੇ ’ਤੇ ਵੀ ਇਸ ਸ਼ਾਮ ਨੂੰ ਸਫ਼ਲ ਬਣਾਉਣ ਦਾ ਚਾਅ ਸਾਫ਼ ਝਲਕ ਰਿਹਾ ਸੀ। ਸਮਾਗਮ 'ਚ ਸ਼ਾਮਿਲ ਮਹਿਮਾਨਾਂ ਅਤੇ ਸਨਮਾਨਿਤ ਸ਼ਖਸੀਅਤਾਂ 'ਚ ਬਿੰਦੂ ਬਰਾੜ, ਅਮਰ ਨੂਰੀ , ਨਵਨੀਤ ਰੰਧੇ, ਰਮਨ ਤੂਰ, ਡਾ. ਦਵਿੰਦਰ ਢੱਟ ਜੀ, ਡਾ. ਹਰਿੰਦਰ ਹੁੰਦਲ, ਸਿਮਰਨ ਅਕਸ, ਸੁਖਦੀਪ ਗਰੇਵਾਲ, ਜਸ ਢਿੱਲੋੰ ਮੋਗਾ, ਜੱਸ ਪ੍ਰੀਤ ਅਮਲਤਾਸ, ਮਿੰਟੀ ਹਰਵਿੰਦਰ, ਅਰਪਣ ਕੌਰ, ਰਮਨਜੀਤ ਗਰੇਵਾਲ, ਕੰਚਨਪ੍ਰੀਤ ਕੌਰ, ਬੇਅੰਤ ਖਹਿਰਾ ਅਤੇ ਜਾਹਿਦਾ ਸੁਲੇਮਾਨ ਦੀ ਚੋਣ ਵਾਹ ! ਕਮਾਲ ਸੀ।ਪਰ ਇਸ ਖੁਸ਼ੀ ਭਰੀ ਮਹਿਫ਼ਲ ਦਾ ਸਭ ਤੋਂ ਭਾਵੁਕ ਪਲ ਉਹ ਸੀ, ਜਦੋਂ ਵਿਦਾਈ ਦਾ ਵੇਲਾ ਆਇਆ। ਧੀਆਂ ਨੂੰ ਸੰਧਾਰਾ ਦਿੱਤਾ ਗਿਆ, ਸ਼ਗਨਾਂ ਵਾਲੇ ਸੂਟ ਭੇਟ ਕੀਤੇ ਗਏ ਅਤੇ ਪਿਆਰ ਨਾਲ ਗਲ ਲਾ ਕੇ ਵਿਦਾ ਕੀਤਾ ਗਿਆ। ਜਿਹੜੀਆਂ ਧੀਆਂ ਕੁਝ ਘੰਟੇ ਪਹਿਲਾਂ ਹੱਸਦੀਆਂ-ਖੇਡਦੀਆਂ, ਕਿੱਕਲੀਆਂ ਪਾਉਂਦੀਆਂ ਅਤੇ ਗਿੱਧੇ ਦੀਆਂ ਧਮਾਲਾਂ ਪਾਉਂਦੀਆਂ ਨਜ਼ਰ ਆ ਰਹੀਆਂ ਸਨ, ਉਹੀ ਵਿਦਾਈ ਵੇਲੇ ਭਿੱਜੀਆਂ ਅੱਖਾਂ ਨਾਲ ਆਪਣੇ ਘਰਾਂ ਨੂੰ ਪਰਤਣ ਲੱਗੀਆਂ। ਇਸੇ ਭਾਵੁਕ ਮਾਹੌਲ ਵਿੱਚ ਹਰਮਨਦੀਪ ਕੌਰ ਦਿਓਲ ਵੱਲੋਂ ਕੀਤਾ ਗਿਆ ਇੱਕ ਐਲਾਨ ਪੂਰੀ ਮਹਿਫ਼ਲ ਦੀ ਰੂਹ ਨੂੰ ਛੂਹ ਗਿਆ। ਉਨ੍ਹਾਂ ਐਲਾਨ ਕੀਤਾ ਕਿ ਅਜੂਨੀ ਫਾਊਂਡੇਸ਼ਨ ਵੱਲੋਂ ਹਲਕਾ ਦਾਖਾ ਦੀਆਂ ਲੋੜਵੰਦ ਧੀਆਂ ਦੇ ਵਿਆਹ ਮੌਕੇ 5100 ਰੁਪਏ ਸ਼ਗਨ ਦਿੱਤਾ ਜਾਵੇਗਾ।ਰਕਮ ਭਾਵੇਂ 5100 ਰੁਪਏ ਹੈ, ਪਰ ਲੋੜਵੰਦ ਪਰਿਵਾਰ ਲਈ ਇਸ ਦੇ ਪਿੱਛੇ ਛੁਪਿਆ ਹੱਥ ਕਿਸੇ ਵੱਡੇ ਸਹਾਰੇ ਤੋਂ ਘੱਟ ਨਹੀਂ। ਧੀ ਦੇ ਵਿਆਹ ਵੇਲੇ ਮਾਪਿਆਂ ਦੇ ਮਨ ਵਿੱਚ ਜਿਹੜੀਆਂ ਚਿੰਤਾਵਾਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਚਿੰਤਾ ਨੂੰ ਵੰਡ ਲੈਣ ਦਾ ਇਹ ਯਤਨ ਆਪਣੇ ਆਪ ਵਿੱਚ ਵੱਡੀ ਗੱਲ ਹੈ। ਐਲਾਨ ਹੁੰਦਿਆਂ ਹੀ ਮੌਕੇ ’ਤੇ ਮੌਜੂਦ ਬੀਬੀਆਂ ਨੇ ਇਸ ਪਹਿਲ ਦੀ ਭਰਵੀਂ ਸ਼ਲਾਘਾ ਕੀਤੀ। ਕਈ ਚਿਹਰਿਆਂ ’ਤੇ ਖੁਸ਼ੀ ਸੀ ਤੇ ਕਈ ਅੱਖਾਂ ਵਿੱਚ ਨਮੀ। ਮਰਹੂਮ ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਵੀ ਇਸ ਮੌਕੇ ਭਾਵੁਕ ਹੋ ਗਏ। ਸ਼ਾਇਦ ਇਸ ਲਈ ਕਿ ਧੀ ਦੀ ਖੁਸ਼ੀ ਦਾ ਦਰਦ ਅਤੇ ਮਾਂ ਦੇ ਦਿਲ ਦੀ ਕੋਮਲਤਾ ਕਿਸੇ ਸ਼ਬਦ ਦੀ ਮੁਹਤਾਜ ਨਹੀਂ ਹੁੰਦੀ।ਇਸ ਮਹਿਫ਼ਲ ਨੇ ਇੱਕ ਸੁਨੇਹਾਂ ਜ਼ਰੂਰ ਦਿੱਤਾ ।ਸਿਆਸਤ ਤੋਂ ਉੱਪਰ ਉੱਠ ਕੇ ਜਦੋਂ ਸਮਾਜ ਦੀਆਂ ਧੀਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕਾਂ ਦੇ ਦਿਲ ਆਪਣੇ ਆਪ ਜੁੜ ਜਾਂਦੇ ਹਨ।ਦਿਓਲ ਪਰਿਵਾਰ ਦੀ ਇਸ ਪਹਿਲ ਨੇ ਤੀਆਂ ਦੀ ਇਸ ਮਹਿਫ਼ਲ ਨੂੰ ਸਿਰਫ਼ ਗਿੱਧੇ, ਭੰਗੜੇ ਅਤੇ ਬੋਲੀਆਂ ਦੀ ਸ਼ਾਮ ਨਹੀਂ ਰਹਿਣ ਦਿੱਤਾ, ਸਗੋਂ ਇਸ ਨੂੰ ਧੀਆਂ ਦੇ ਸਨਮਾਨ, ਲੋੜਵੰਦ ਪਰਿਵਾਰਾਂ ਦੇ ਸਹਾਰੇ ਅਤੇ ਪੰਜਾਬੀ ਸੱਭਿਆਚਾਰ ਦੇ ਭਾਈਚਾਰਕ ਵਿਰਸੇ ਦੀ ਰੂਹ ਨਾਲ ਜੁੜੀ ਇੱਕ ਯਾਦਗਾਰ ਸ਼ਾਮ ਬਣਾ ਦਿੱਤਾ। ਮੁਡਿਆਣੀ ਦੀ ਉਹ ਸ਼ਾਮ ਹੁਣ ਸਿਰਫ਼ ਤਾਜ ਪੈਲੇਸ ਦੀਆਂ ਕੰਧਾਂ ਵਿੱਚ ਕੈਦ ਨਹੀਂ ਰਹੇਗੀ। ਇਹ ਉਨ੍ਹਾਂ ਧੀਆਂ ਦੀਆਂ ਦੁਆਵਾਂ ਵਿੱਚ ਵੱਸੇਗੀ, ਜਿਨ੍ਹਾਂ ਦੇ ਵਿਆਹ ਦੇ ਚਾਅ ਵਿੱਚ ਕਿਸੇ ਨੇ ਆਪਣਾ ਹੱਥ ਉਨ੍ਹਾਂ ਦੇ ਮੋਢੇ ’ਤੇ ਰੱਖਣ ਦਾ ਵਾਅਦਾ ਕੀਤਾ ਹੈ। ਜਸਕਰਨ ਸਿੰਘ ਦਿਓਲ ਅਤੇ ਹਰਮਨਦੀਪ ਕੌਰ ਦਿਓਲ ਦੀ ਸੁਲੱਖਣੀ ਸੋਚ 'ਚੋੰ ਉਪਜੇ ਇਸ ਉਪਰਾਲੇ ਲਈ ਦਿਲੋਂ ਧੰਨਵਾਦ ਅਤੇ ਢੇਰ ਸਾਰੀਆਂ ਮੁਬਾਰਕਾਂ।
✍️ ਕੁਲਦੀਪ ਸਿੰਘ ਲੋਹਟ
98764 92410





