ਮੋਗਾ ,10 ਅਗਸਤ (ਜਸ਼ਨ ):ਪੰਜਾਬ 'ਚ ਤੀਆਂ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵੇ ਪਹਿਨ ਕੇ ਗਿੱਧਾ, ਬੋਲੀਆਂ ਅਤੇ ਲੋਕ-ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੌਰਾਨ ਵਿਦਿਆਰਥਣਾਂ ਲਈ ਮਿਸ ਤੀਜ, ਬੈਸਟ ਸੂਟ, ਬੈਸਟ ਪਰਾਂਦਾ, ਬੈਸਟ ਮਹਿੰਦੀ, ਬੈਸਟ ਜੁੱਤੀ, ਬੈਸਟ ਚੂੜੀਆਂ ਅਤੇ ਬੈਸਟ ਫੁਲਕਾਰੀ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ, ਪ੍ਰਤਿਭਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮੁਕਾਬਲਿਆਂ ਦੇ ਨਤੀਜਿਆਂ ਵਿੱਚ ਮਿਸ ਤੀਜ ਦਾ ਖ਼ਿਤਾਬ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨਵਿਆ ਅਤੇ ਖੁਸ਼ੀ (ਕੋਟ ਈਸੇ ਖਾਂ) ਨੇ ਸਾਂਝੇ ਤੌਰ 'ਤੇ ਆਪਣੇ ਨਾਮ ਕੀਤਾ। ਬੈਸਟ ਸੂਟ ਵਿੱਚ ਦਸਵੀਂ ਜਮਾਤ ਦੀ ਜਪਨੂਰ ਕੌਰ, ਮਨਿੰਦਰਜੀਤ ਕੌਰ ਅਤੇ ਪੰਜਵੀਂ ਜਮਾਤ ਦੀ ਜਸਮੀਤ ਕੌਰ ਜੇਤੂ ਰਹੀਆਂ। ਬੈਸਟ ਪਰਾਂਦਾ ਵਿੱਚ ਅੱਠਵੀਂ ਜਮਾਤ ਦੀ ਸਿਮਰਨ ਕੌਰ ਅਤੇ ਤੀਜੀ ਜਮਾਤ ਦੀ ਸਰਗੁਣ ਕੌਰ ਤੂਰ, ਬੈਸਟ ਮਹਿੰਦੀ ਵਿੱਚ ਨੌਵੀਂ ਜਮਾਤ ਦੀ ਪਰਨੀਤ ਕੌਰ ਅਤੇ ਚੌਥੀ ਜਮਾਤ ਦੀ ਜਪਸਿਮਰਨ ਕੌਰ, ਬੈਸਟ ਜੁੱਤੀ ਛੇਵੀਂ ਜਮਾਤ ਦੀ ਮਹਿਕਪ੍ਰੀਤ ਕੌਰ, ਬੈਸਟ ਚੂੜੀਆਂ ਵਿੱਚ ਸੱਤਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਅਤੇ ਦੂਜੀ ਜਮਾਤ ਦੀ ਦਿਸ਼ਾ ਹਾਂਡਾ, ਜਦਕਿ ਬੈਸਟ ਫੁਲਕਾਰੀ ਦਾ ਖ਼ਿਤਾਬ ਬਾਰ੍ਹਵੀਂ ਜਮਾਤ ਦੀ ਪਵਨਦੀਪ ਕੌਰ ਨੇ ਆਪਣੇ ਨਾਮ ਕੀਤਾ। ਸਾਰੇ ਜੇਤੂਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਿਵਾਇਤਾਂ ਨਾਲ ਹਮੇਸ਼ਾ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣਾ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਨਿਖਾਰਦੇ ਹਨ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਤੀਆਂ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹੇਗਾ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।