ਮਾਨਸਾ 13 ਮਈ(ਜਸ਼ਨ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਉਭਾ ਦੀ ਗੁਰੂਕੁਲ ਅਕੈਡਮੀ ਦੀ ਵਿਦਿਆਰਥਣ ਸੁਪਨੀਤ ਕੌਰ ਪੁੱਤਰੀ ਰਾਜ ਸਿੰਘ ਵਾਸੀ ਮਾਨਸਾ ਨੇ ਸਾਇੰਸ ਗਰੁੱਪ 'ਚ 500 ਵਿੱਚੋਂ 500 ਅੰਕ ਲੈ ਕੇ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਮੈਟ੍ਰਿਕ ਵਿੱਚ 95 ਪ੍ਰਤੀਸ਼ਤ ਅੰਕ ਲਏ ਸਨ। ਸੁਪਨੀਤ ਕੌਰ ਤਲਵਾਰਬਾਜ਼ੀ ਦੀ ਵੀ ਚੋਟੀ ਦੀ ਖਿਡਾਰਨ ਹੈ, ਉਹ ਭਵਿੱਖ ਵਿੱਚ ਪਾਇਲਟ ਬਣਕੇ ਅਸਮਾਨ ਚ ਵੱਡੀਆਂ ਉਡਾਰੀਆਂ ਭਰਨ ਦੀ ਇਛੁੱਕ ਹੈ।
ਪੇਂਡੂ ਖੇਤਰ ਵਿੱਚ ਚਲ ਰਹੀ ਗੁਰੂਕੁਲ ਅਕੈਡਮੀ ਦੇ ਨਤੀਜੇ ਪਿਛਲੇ ਸਮੇਂ ਤੋਂ ਲਗਾਤਾਰ ਸ਼ਾਨਦਾਰ ਆ ਰਹੇ ਹਨ। ਪਰ ਹੁਣ ਇਸ ਸਕੂਲ ਨੇ ਪੰਜਾਬ ਭਰ ਚੋਂ ਮੋਹਰੀ ਸਥਾਨ ਹਾਸਲ ਕਰਦਿਆਂ ਰਾਜ ਭਰ ਚ ਆਪਣੀ ਪੜ੍ਹਾਈ ਦੇ ਮਿਆਰ ਦਾ ਹੋਰ ਵੱਡਾ ਮਾਅਰਕਾ ਮਾਰ ਕੇ ਸ਼ਹਿਰੀ ਸਕੂਲਾਂ ਨੂੰ ਵੀ ਪਛਾੜਿਆ ਹੈ। ਅਕੈਡਮੀ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਪੁਰਵਾ ਅਤੇ ਸੁਭਾਸ਼ ਬਿੱਟੂ ਨੇ ਇਸ ਹੋਣਹਾਰ ਵਿਦਿਆਰਥੀ ਦਾ ਸਨਮਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਚੰਗੇ ਨਤੀਜਿਆਂ ਲਈ ਹੋਰ ਯਤਨ ਕੀਤੇ ਜਾਣਗੇ।
ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸੁਪਨੀਤ ਦੇ ਪਿਤਾ ਰਾਜ ਸਿੰਘ ਪਿੰਡ ਉੱਭਾ ਵਿੱਚ ਇੱਕ ਅਕੈਡਮੀ ਚਲਾਉਂਦੇ ਹਨ ਅਤੇ ਪਰਿਵਾਰ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹ ਆਪਣੀ ਬੱਚੀ ਦੀ ਪ੍ਰਾਪਤੀ ਦਾ ਸਿਹਰਾ ਉਸ ਦੀ ਮਿਹਨਤ ਅਤੇ ਸਕੂਲ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਦਿੰਦੇ ਹਨ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਧੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਰਹੀ ਹੈ।ਸਾਲ 2025 ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਤਲਵਾਰਬਾਜ਼ੀ ਨੈਸ਼ਨਲ ਚੈਂਪੀਅਨਸ਼ਿਪ* ਵਿੱਚ ਸੁਪਨੀਤ ਨੇ ਮੈਡਲ ਜਿੱਤਿਆ ਸੀ, ਜਿਸ ਲਈ ਉਸਨੂੰ ਰਾਜ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਪਿਤਾ ਰਾਜ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਪਨੀਤ ਨੇ ਕਦੇ ਟਿਊਸ਼ਨ ਨਹੀਂ ਰੱਖੀ। ਉਹ ਅੱਧੀ ਰਾਤ ਤੱਕ ਪੜ੍ਹਦੀ ਰਹਿੰਦੀ ਸੀ। ਦਿਨ-ਰਾਤ ਮਿਹਨਤ ਕਰਕੇ ਉਸਨੇ ਅੱਵਲ ਆਉਣ ਦਾ ਟੀਚਾ ਪੂਰਾ ਕੀਤਾ। ਇਸ ਪ੍ਰਾਪਤੀ ਨੇ ਪਿੰਡ ਉਭਾ, ਮਾਨਸਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੁਪਨੀਤ ਦੀ ਮਾਤਾ ਇੱਕ ਆਂਗਨਵਾੜੀ ਵਰਕਰ ਹੈ। ਮਾਪੇ ਬਾਗੋਬਾਗ ਹਨ ਕਿ ਉਨ੍ਹਾਂ ਦੀ ਧੀ ਸੁਪਨੀਤ ਨੇ ਘਰ ਦੇ ਸਧਾਰਨ ਹਾਲਤਾਂ ਦੇ ਬਾਵਜੂਦ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਉਧਰ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਨੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲੇ ਦੀ ਇਕ ਹੋਣਹਾਰ ਧੀ ਨੇ ਪੰਜਾਬ ਭਰ ਚੋਂ ਵੱਡਾ ਮੁਕਾਮ ਹਾਸਲ ਕੀਤਾ ਹੈ। ਮੋਗਾ ਤੋਂ ਲੈਕਚਰਰ ਤੇਜਿੰਦਰ ਇੰਘ ਜਸ਼ਨ ਸਟੇਟ ਅਵਾਰਡੀ ਨੇ ਆਖਿਆ ਕਿ ਸਮੁੱਚੇ ਪੰਜਾਬ ਨੂੰ ਪਹਿਲੇ ਤਿੰਨ ਸਥਾਨਾਂ ਤੇ ਆਈਆਂ ਧੀਆਂ ਤੇ ਮਾਣ ਹੈ।