****24 ਘੰਟੇ ਬੀਤ ਚੁੱਕੇ ਹਨ ਪਰ ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਿਲ ਗੱਡੀ ਨੂੰ ਟ੍ਰੇਸ ਨਹੀਂ ਕੀਤਾ ਗਿਆ

ਗੁਰਦਾਸਪੁਰ,18 ਮਈ (ਜਸ਼ਨ )
ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਸੂਬੇਦਾਰ ਮੇਜਰ ਮਾਧਾ ਸਿੰਘ ਸੈਣੀ ਅਤੇ ਉਨਾਂ ਦੀ ਪਤਨੀ ਜਗਦੀਸ਼ ਕੌਰ ਦੀ ਮੌਤ ਹੋ ਗਈ। ਦੋਵੇਂ ਪਤੀ ਪਤਨੀ ਮੋਟਰਸਾਈਕਲ ਤੇ ਮੁਕੇਰੀਆ ਤੋਂ ਆਪਣੇ ਪਿੰਡ ਕੋਟਲੀ ਸੈਣੀਆਂ ਵੱਲ ਨੂੰ ਆ ਰਹੇ ਸਨ ਕਿ ਥਾਣਾ ਪੁਰਾਣਾ ਸ਼ਾਲਾ ਦੀ ਹਦੂਦ ਵਿੱਚ ਪੈਂਦੇ ਦਾਊਵਾਲ ਨਾਕੇ ਨੇੜੇ ਇੱਕ ਬਲੈਰੋ ਗੱਡੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ। ਪਿੰਡ ਕੋਟਲੀ ਸੈਣੀਆਂ ਵਿੱਚ ਸੂਬੇਦਾਰ ਮੇਜਰ ਮਾਧਾ ਸਿੰਘ ਸੈਣੀ ਅਤੇ ਉਸ ਦੀ ਪਤਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਇਸ ਮੌਕੇ ਸੂਬੇਦਾਰ ਮੇਜਰ ਮਾਧਾ ਸਿੰਘ ਨੂੰ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਤੋਂ ਇਲਾਵਾ ਸਾਬਕਾ ਫੌਜੀਆਂ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਸਾਬਕਾ ਐਸਜੀਪੀਸੀ ਮੈਂਬਰ ਹਰਬੰਸ ਸਿੰਘ ਮੰਜਪੁਰ ਨੇ ਕਿਹਾ ਕਿ ਸੂਬੇਦਾਰ ਮੇਜਰ ਮਾਧਾ ਸਿੰਘ ਬਹੁਤ ਹੀ ਇਮਾਨਦਾਰ ਅਤੇ ਸਮਾਜ ਸੇਵਾ ਕਰਨ ਤੋਂ ਇਲਾਵਾ ਆਪਣੇ ਸਾਬਕਾ ਫੌਜੀਆਂ ਦੇ ਹੱਕਾਂ ਲਈ ਲੜਨ ਵਾਲੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਮੁਲਕ ਨਾਲ ਚੀਨ ਅਤੇ ਪਾਕਿਸਤਾਨ ਦੀਆਂ ਤਿੰਨ ਜੰਗਾਂ ਵੀ ਲੜੀਆਂ ਸਨ ਅਤੇ ਹਮੇਸ਼ਾ ਹੀ ਉਹ ਦੇਸ਼ ਭਗਤੀ ਅਤੇ ਆਪਣੇ ਮੁਲਕ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਸਨ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਵਿੱਚ ਸ਼ਾਮਿਲ ਗੱਡੀ ਅਤੇ ਉਸਦੇ ਚਾਲਕ ਨੂੰ ਤੁਰੰਤ ਕਾਬੂ ਕਰਨਾ ਚਾਹੀਦਾ।
ਇਸ ਮੌਕੇ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਲਗਭਗ 24 ਘੰਟੇ ਬੀਤ ਚੁੱਕੇ ਹਨ ਅਜੇ ਤੱਕ ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਿਲ ਗੱਡੀ ਨੂੰ ਟ੍ਰੇਸ ਨਹੀਂ ਕੀਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ।