ਅੰਮ੍ਰਿਤਸਰ 30 ਅਗਸਤ ( ਜਸ਼ਨ ) ਆਸਟ੍ਰੀਆ ਦੇ ਸਾਲਜ਼ਬਰਗ ਸ਼ਹਿਰ ਵਿੱਚ ਦੋ ਪੰਜਾਬੀ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਈ ਹੋਣ ਕਾਰਨ ਹੋਟਲ ਦੇ ਰੈਸਟੋਰੈਂਟ ਵਿੱਚ ਦਾਖ਼ਲਾ ਨਾ ਦਿੱਤੇ ਜਾਣ ਦੀ ਸਾਹਮਣੇ ਆਈ ਘਟਨਾ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਹੈ। ਇਸ ਘਟਨਾ ਦੀ ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਸਖ਼ਤ ਨਿਖੇਧੀ ਕਰਦਿਆਂ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਿੱਖਾਂ ਦੀ ਧਾਰਮਿਕ ਪਛਾਣ ਅਤੇ ਦਸਤਾਰ ਨਾਲ ਵਿਤਕਰੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਆਮ ‘ਡ੍ਰੈੱਸ ਕੋਡ’ ਦਾ ਹਵਾਲਾ ਦੇ ਕੇ ਕਿਸੇ ਸਿੱਖ ਨੂੰ ਉਸਦੀ ਦਸਤਾਰ ਕਾਰਨ ਸੇਵਾ ਜਾਂ ਦਾਖ਼ਲੇ ਤੋਂ ਵਾਂਝਾ ਕਰਨਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਦਸਤਾਰ ਸਿੱਖ ਲਈ ਕੋਈ ਆਮ headwear ਜਾਂ ਫੈਸ਼ਨ ਦਾ ਹਿੱਸਾ ਨਹੀਂ, ਸਗੋਂ ਸਿੱਖ ਧਰਮ ਦੀ ਵਿਲੱਖਣ ਪਛਾਣ, ਸਿਧਾਂਤ ਅਤੇ ਮਰਿਆਦਾ ਦਾ ਅਟੁੱਟ ਅੰਗ ਹੈ। ਸ਼ਮਸ਼ੇਰ ਸਿੰਘ ਪੱਧਰੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਸੰਸਥਾ ਵੱਲੋਂ ‘ਸਭ ਲਈ ਇੱਕੋ ਜਿਹਾ ਨਿਯਮ’ ਹੋਣ ਦੀ ਦਲੀਲ ਦਿੱਤੀ ਜਾਂਦੀ ਹੈ ਤਾਂ ਵੀ ਇਹ ਜਾਂਚਣਾ ਜ਼ਰੂਰੀ ਹੈ ਕਿ ਉਸ ਨਿਯਮ ਦਾ ਅਮਲੀ ਪ੍ਰਭਾਵ ਕਿਸੇ ਵਿਸ਼ੇਸ਼ ਧਾਰਮਿਕ ਭਾਈਚਾਰੇ ਨੂੰ ਆਪਣੀ ਧਾਰਮਿਕ ਪਛਾਣ ਛੱਡਣ ਲਈ ਤਾਂ ਮਜਬੂਰ ਨਹੀਂ ਕਰਦਾ। ਕਾਨੂੰਨ ਦੀ ਨਜ਼ਰ ਵਿੱਚ ਵੀ ਸਿਰਫ਼ ਕਿਸੇ ਨਿਯਮ ਨੂੰ ‘neutral’ ਕਹਿ ਦੇਣਾ ਹੀ ਕਾਫ਼ੀ ਨਹੀਂ, ਬਲਕਿ ਉਸਦੀ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਪ੍ਰਭਾਵ ਵੀ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੀਆ ਵਿੱਚ ਰਹਿੰਦੇ ਅਤੇ ਉੱਥੇ ਯਾਤਰਾ ਕਰਨ ਵਾਲੇ ਸਿੱਖਾਂ ਨੂੰ ਵੀ ਹੋਰਨਾਂ ਨਾਗਰਿਕਾਂ ਵਾਂਗ ਬਰਾਬਰ ਸਨਮਾਨ ਅਤੇ ਸੇਵਾਵਾਂ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਸ ਲਈ ਸਬੰਧਤ ਆਸਟ੍ਰੀਆਈ ਅਧਿਕਾਰੀਆਂ ਨੂੰ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਇਸਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਭਾਈ ਪੱਧਰੀ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਕਿਸੇ ਵੀ ਦੇਸ਼ ਵਿੱਚ ਵਿਤਕਰੇ ਦਾ ਕਾਰਨ ਨਹੀਂ ਬਣਨੀ ਚਾਹੀਦੀ। ਇਹ ਸਿੱਖ ਦੀ ਧਾਰਮਿਕ ਆਜ਼ਾਦੀ, ਪਛਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤ ਨੌਜਵਾਨਾਂ ਨੂੰ ਕਾਨੂੰਨੀ ਰਾਹਤ ਅਤੇ ਇਨਸਾਫ਼ ਮਿਲਣ ਲਈ ਹਰ ਸੰਭਵ ਪੱਧਰ ’ਤੇ ਆਵਾਜ਼ ਉਠਾਈ ਜਾਵੇਗੀ।