ਤਰਨ ਤਾਰਨ, 30 ਜੂਨ (ਅਮਿਤ ਮਰਵਾਹਾ) ਤਰਨ ਤਾਰਨ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਹਰਪਾਲ ਸਿੰਘ ਤੱਖੂ ਚੱਕ ਨੇ ਸ਼ਹਿਰ ਵਿੱਚ ਗੈਰ-ਅਧਿਕਾਰਤ ਤੌਰ 'ਤੇ ਲੱਗ ਰਹੀਆਂ ਰੇਹੜੀਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਸਿਵਲ ਅਤੇ ਸਿਹਤ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਹਰਪਾਲ ਸਿੰਘ ਤੱਖੂ ਚੱਕ ਨੇ ਕਿਹਾ ਕਿ ਖਾਸ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਦੇ ਬਾਹਰ ਲੱਗੀਆਂ ਰੇਹੜੀਆਂ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਵਾਜਾਈ ਅਤੇ ਪਾਰਕਿੰਗ ਸੰਬੰਧੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਰੇਹੜੀਆਂ 'ਤੇ ਗੈਰ-ਮਿਆਰੀ ਖਾਣ-ਪੀਣ ਦਾ ਸਮਾਨ ਵੀ ਵੇਚਿਆ ਜਾ ਰਿਹਾ ਹੈ, ਜਿਸ ਵੱਲ ਸਿਹਤ ਵਿਭਾਗ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਈ ਰੇਹੜੀਆਂ ਬਿਨਾਂ ਮਨਜ਼ੂਰੀ ਦੇ ਸਰਕਾਰੀ ਥਾਵਾਂ 'ਤੇ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਨਾ ਸਿਰਫ਼ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ, ਸਗੋਂ ਸਥਾਨਕ ਵਪਾਰੀਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਥਾਨਕ ਦੁਕਾਨਦਾਰ ਦੁਕਾਨਾਂ ਦਾ ਕਿਰਾਇਆ ਅਤੇ ਹੋਰ ਸਰਕਾਰੀ ਖਰਚੇ ਭਰ ਕੇ ਕਾਰੋਬਾਰ ਕਰਦੇ ਹਨ, ਉੱਥੇ ਸੜਕਾਂ 'ਤੇ ਗੈਰ-ਅਧਿਕਾਰਤ ਤੌਰ 'ਤੇ ਰੇਹੜੀਆਂ ਲਗਾ ਕੇ ਕਾਰੋਬਾਰ ਕਰਨਾ ਉਚਿਤ ਨਹੀਂ ਹੈ।
ਹਰਪਾਲ ਸਿੰਘ ਤੱਖੂ ਚੱਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਕੋਲ ਆਪਣੀ ਆਵਾਜ਼ ਬੁਲੰਦ ਕਰਨ ਤਾਂ ਜੋ ਜਨਤਕ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਸ਼ਹਿਰ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਵੀ ਵਿਅਕਤੀ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਉਹ ਕਾਨੂੰਨੀ ਤਰੀਕੇ ਨਾਲ ਦੁਕਾਨ ਜਾਂ ਮਨਜ਼ੂਰਸ਼ੁਦਾ ਸਥਾਨ ਲੈ ਕੇ ਕਾਰੋਬਾਰ ਕਰੇ, ਨਾ ਕਿ ਸੜਕਾਂ ਜਾਂ ਜਨਤਕ ਥਾਵਾਂ 'ਤੇ ਗੈਰ-ਅਧਿਕਾਰਤ ਤੌਰ 'ਤੇ ਕਬਜ਼ਾ ਕਰਕੇ।




