ਤਰਨਤਾਰਨ (ਅਮਿਤ ਮਰਵਾਹਾ)
ਸਦਰ ਥਾਣਾ ਤਰਨ ਤਾਰਨ ਵਿੱਚ ਇੱਕ ਔਰਤ ਨੂੰ ਦੇਰ ਰਾਤ ਤੱਕ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਐੱਸਐੱਚਓ ਨਵਦੀਪ ਭੱਟੀ ਦਾ ਬਿਆਨ ਸਾਹਮਣੇ ਆਇਆ ਹੈ। ਨਵਦੀਪ ਭੱਟੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੂੰ ਅਜਿਹੇ ਗੁਨਾਹ ਦੀ ਸਜ਼ਾ ਦਿੱਤੀ ਜਾ ਰਹੀ ਹੈ, ਜੋ ਉਸ ਨੇ ਕਦੇ ਕੀਤਾ ਹੀ ਨਹੀਂ।

ਨਵਦੀਪ ਭੱਟੀ ਮੁਤਾਬਕ, ਜਿਸ ਔਰਤ ਨੂੰ ਥਾਣੇ ਲਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਦੇ ਪਤੀ ਖ਼ਿਲਾਫ਼ NDPS ਐਕਟ ਤਹਿਤ ਤਿੰਨ ਮਾਮਲੇ ਦਰਜ ਹਨ ਅਤੇ ਉਹ ਭਗੌੜਾ ਸੀ। ਪੁਲਿਸ ਨੂੰ ਉਸ ਦੀ ਗ੍ਰਿਫ਼ਤਾਰੀ ਲੋੜੀਂਦੀ ਸੀ। ਉਨ੍ਹਾਂ ਦੱਸਿਆ ਕਿ ਮੁਖ਼ਬਰ ਖ਼ਾਸ ਦੀ ਸੂਚਨਾ ਅਨੁਸਾਰ ਮੁਲਜ਼ਮ ਦੀ ਪਤਨੀ ਨੂੰ ਆਪਣੇ ਪਤੀ ਬਾਰੇ ਜਾਣਕਾਰੀ ਹੋਣ ਦਾ ਸ਼ੱਕ ਸੀ ਅਤੇ ਮਾਮਲੇ ਵਿੱਚ ਉਸ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਸੀ।

ਲੇਡੀਜ਼ ਸਟਾਫ਼ ਦੀ ਮੌਜੂਦਗੀ ’ਚ ਪੁੱਛਗਿੱਛ ਦਾ ਦਾਅਵਾ
ਮੁਅੱਤਲ ਐੱਸਐੱਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਜਾਂਚ ਅਧਿਕਾਰੀ ਵੱਲੋਂ ਲੇਡੀਜ਼ ਸਟਾਫ਼ ਦੇ ਨਾਲ ਔਰਤ ਨੂੰ ਸਵੇਰੇ ਥਾਣੇ ਲਿਆਂਦਾ ਗਿਆ ਸੀ। ਉਨ੍ਹਾਂ ਦੇ ਅਨੁਸਾਰ ਔਰਤ ਨਾਲ ਬਿਨਾਂ ਕਿਸੇ ਸਖ਼ਤ ਰਵੱਈਏ ਦੇ ਕਾਨੂੰਨ ਮੁਤਾਬਕ ਪੁੱਛਗਿੱਛ ਕੀਤੀ ਜਾ ਰਹੀ ਸੀ।

ਉਨ੍ਹਾਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਔਰਤ ਨੂੰ ਵਾਪਸ ਲੈ ਜਾਣ ਲਈ ਉਸ ਦੇ ਪਰਿਵਾਰ ਨੂੰ ਲੇਡੀਜ਼ ਕਾਂਸਟੇਬਲ ਵੱਲੋਂ ਫੋਨ ਵੀ ਕੀਤਾ ਗਿਆ ਸੀ। ਨਵਦੀਪ ਭੱਟੀ ਨੇ ਦਾਅਵਾ ਕੀਤਾ ਕਿ ਇਸ ਦਾ ਜ਼ਿਕਰ ਵਾਰੰਟ ਅਫ਼ਸਰ ਵੱਲੋਂ ਆਪਣੀ ਰਿਪੋਰਟ ਵਿੱਚ ਵੀ ਕੀਤਾ ਗਿਆ ਹੈ।

‘ਪੁਲਿਸ ਨੂੰ ਫਸਾਉਣ ਦੀ ਸਾਜ਼ਿਸ਼ ਤਹਿਤ ਕੀਤੀ ਗਈ ਕਾਰਵਾਈ’
ਨਵਦੀਪ ਭੱਟੀ ਨੇ ਦੋਸ਼ ਲਾਇਆ ਕਿ ਪੁਲਿਸ ਨੂੰ ਫਸਾਉਣ ਦੀ ਸਾਜ਼ਿਸ਼ ਤਹਿਤ ਸਮਾਂ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹਾਈ ਕੋਰਟ ਨੂੰ ਗੁੰਮਰਾਹ ਕਰਕੇ ਵਾਰੰਟ ਅਫ਼ਸਰ ਰਾਹੀਂ ਥਾਣੇ ਵਿੱਚ ਰੇਡ ਕਰਵਾਈ ਗਈ।

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰ ਕਾਰਵਾਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਡਿਊਟੀ ‘ਦੋਧਾਰੀ ਤਲਵਾਰ’ ਵਾਂਗ ਹੈ ਅਤੇ ਮੌਜੂਦਾ ਸਮੇਂ ਵਿੱਚ ਬੇਬਾਕੀ ਨਾਲ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਫਸਾਉਣਾ ਆਸਾਨ ਹੋ ਗਿਆ ਹੈ।

‘ਨਿਆਂਪਾਲਿਕਾ ਅਤੇ ਸੀਨੀਅਰ ਅਧਿਕਾਰੀਆਂ ’ਤੇ ਪੂਰਾ ਭਰੋਸਾ’
ਨਵਦੀਪ ਭੱਟੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਦੀ ਵਰਦੀ ਦੇਸ਼ ਵਾਸੀਆਂ ਦੀ ਸੇਵਾ ਕਰਨ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪਹਿਨੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਪਣੀ ਸੇਵਾ ਦੌਰਾਨ ਹਰ ਕਾਰਵਾਈ ਕਾਨੂੰਨ ਦੀ ਪਾਲਣਾ ਕਰਦਿਆਂ ਅਤੇ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਇਰਾਦੇ ਨਾਲ ਕੀਤੀ ਹੈ।

ਉਨ੍ਹਾਂ ਕਿਹਾ, “ਮੈਨੂੰ ਆਪਣੇ ਪਰਮਾਤਮਾ, ਦੇਸ਼ ਦੀ ਨਿਆਂਪਾਲਿਕਾ, ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ’ਤੇ ਪੂਰਾ ਵਿਸ਼ਵਾਸ ਹੈ। ਜਲਦ ਹੀ ਪੂਰਾ ਸੱਚ ਲੋਕਾਂ ਦੇ ਸਾਹਮਣੇ ਆਵੇਗਾ।”