ਤਰਨ ਤਾਰਨ (ਅਮਿਤ ਮਰਵਾਹਾ)
‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਮੰਚ ’ਤੇ ਤਰਨ ਤਾਰਨ ਦੇ ਨੌਜਵਾਨ ਨਿਸ਼ਾਨੇਬਾਜ਼ ਅੰਗਦ ਸਿੰਘ ਖੇੜਾ ਨੇ ਆਪਣੀ ਸਟੀਕ ਨਿਸ਼ਾਨੇਬਾਜ਼ੀ ਦਾ ਦਮ ਦਿਖਾਉਂਦਿਆਂ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਦਿ ਵਿਜ਼ਡਮ ਸਕੂਲ ਦੇ ਵਿਦਿਆਰਥੀ ਅੰਗਦ ਸਿੰਘ ਖੇੜਾ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਅੰਡਰ-14 ਵਰਗ ਵਿੱਚ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।

ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਾ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਤਰਨ ਤਾਰਨ ਵੱਲੋਂ ਬਾਬਾ ਦੀਪ ਸਿੰਘ ਸ਼ੂਟਿੰਗ ਰੇਂਜ, ਪਿੰਡ ਪਹੁਵਿੰਡ ਵਿਖੇ ਕਰਵਾਇਆ ਗਿਆ। ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਨੌਜਵਾਨ ਨਿਸ਼ਾਨੇਬਾਜ਼ਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

ਮੁਕਾਬਲੇ ਦੌਰਾਨ ਅੰਗਦ ਨੇ ਬੇਹੱਦ ਇਕਾਗਰਤਾ ਅਤੇ ਅਨੁਸ਼ਾਸਨ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਹਰ ਨਿਸ਼ਾਨੇ ’ਤੇ ਉਸ ਦੀ ਸਟੀਕ ਪਕੜ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਨੇ ਉਸ ਨੂੰ ਮੁਕਾਬਲੇ ਵਿੱਚ ਦੂਜੇ ਸਥਾਨ ਤੱਕ ਪਹੁੰਚਾਇਆ। ਅੰਤ ਵਿੱਚ ਉਸ ਨੇ ਸਿਲਵਰ ਮੈਡਲ ਆਪਣੇ ਨਾਮ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਲਈ ਮਾਣ ਵਾਲਾ ਪਲ ਪੈਦਾ ਕੀਤਾ।

ਮੁਕਾਬਲੇ ਨੂੰ ਸਫਲ ਬਣਾਉਣ ਲਈ ਸ਼੍ਰੀ ਹਰਸਿਮਰਨ ਸਿੰਘ, ਸ਼੍ਰੀ ਦੀਪਕ ਕੁਮਾਰ ਅਤੇ ਕੋਆਰਡੀਨੇਟਰ ਸ਼੍ਰੀ ਅਮਨਦੀਪ ਸਿੰਘ ਦੀ ਅਗਵਾਈ ਅਤੇ ਦੇਖ-ਰੇਖ ਰਹੀ। ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਲਈ ਲੋੜੀਂਦੀ ਰਹਿਨੁਮਾਈ ਵੀ ਦਿੱਤੀ ਗਈ।

ਅੰਗਦ ਸਿੰਘ ਖੇੜਾ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਐਸੋਸੀਏਸ਼ਨ ਵੱਲੋਂ ਉਸ ਦੇ ਉਜਲੇ ਭਵਿੱਖ ਅਤੇ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਅੰਗਦ ਦੀ ਇਸ ਪ੍ਰਾਪਤੀ ਨੇ ਇਹ ਵੀ ਦਰਸਾਇਆ ਹੈ ਕਿ ਤਰਨ ਤਾਰਨ ਦੇ ਨੌਜਵਾਨ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। 10 ਮੀਟਰ ਏਅਰ ਪਿਸਟਲ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਹੁਣ ਅੰਗਦ ਦੀ ਨਜ਼ਰ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ’ਤੇ ਹੈ।