ਵਈਪੁਈ/ਤਰਨਤਾਰਨ (ਅਮਿਤ ਮਰਵਾਹਾ)
ਸ੍ਰੀ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਨੂੰ ਜਾਂਦੀ ਸੜਕ ’ਤੇ ਪਿੰਡ ਵਈਪੁਈ ਨੇੜੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਕਾਰ ਚਾਲਕ 21 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਵਿਸ਼ੂ ਕੁਮਾਰ (21), ਪੁੱਤਰ ਤਰਨ ਕੁਮਾਰ, ਵਾਸੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਆਪਣੀ ਹੌਂਡਾ ਅਮੇਜ਼ ਕਾਰ ਨੰਬਰ *PB 02 DU 9214* ਵਿੱਚ ਸਵਾਰ ਹੋ ਕੇ ਕੰਮਕਾਜ ਦੇ ਸਿਲਸਿਲੇ ਵਿੱਚ ਗੋਇੰਦਵਾਲ ਸਾਹਿਬ ਆਇਆ ਹੋਇਆ ਸੀ ਅਤੇ ਵਾਪਸ ਅੰਮ੍ਰਿਤਸਰ ਜਾ ਰਿਹਾ ਸੀ।

ਜਦੋਂ ਉਹ ਪਿੰਡ ਵਈਪੁਈ ਨੇੜੇ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸ੍ਰੀ ਗੋਇੰਦਵਾਲ ਸਾਹਿਬ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਡਿਊਟੀ ਅਫ਼ਸਰ ਏਐੱਸਆਈ ਬਲਦੇਵ ਸਿੰਘ ਵੱਲੋਂ ਹੋਰ ਜਾਣਕਾਰੀ ਦਿੱਤੀ ਗਈ।