****ਆਂਧਰਾ ਪ੍ਰਦੇਸ਼ ਸਰਕਾਰ ਦੇ ਮਾਡਲ ਦੀ ਤਰ੍ਹਾਂ ਤੀਜੇ ਬੱਚੇ ਲਈ ₹30 ਹਜ਼ਾਰ ਅਤੇ ਚੌਥੇ ਬੱਚੇ ਲਈ ₹40 ਹਜ਼ਾਰ ਦੇ ਵਿੱਤੀ ਪ੍ਰੋਤਸਾਹਨ ਦੇਣ ਬਾਰੇ ਵਿਚਾਰ ਦੀ ਲੋੜ 'ਤੇ ਜ਼ੋਰ
ਪੰਜਾਬ ,18 ਮਈ (ਜਸ਼ਨ ) ਰਿਟਾਇਰਡ IAS ਅਧਿਕਾਰੀ ਅਤੇ ਸੀਨੀਅਰ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਸਮਾਜਿਕ ਤੇ ਸੱਭਿਆਚਾਰਕ ਭਵਿੱਖ ਦੀ ਰੱਖਿਆ ਲਈ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।
ਰਿਟਾਇਰਡ IAS ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਇੰਘ ਮਾਨ ਨੂੰ ਪੱਤਰ ਲਿਖ ਕੇ ਘਟ ਰਹੀ ਸਿੱਖ ਆਬਾਦੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਭਾਰਤ ਵਿੱਚ ਸੰਵੈਧਾਨਕ ਤੌਰ ’ਤੇ ਮਾਨਤਾ ਪ੍ਰਾਪਤ ਘੱਟਸੰਖਿਆਕ ਹੈ ਅਤੇ NFHS ਦੇ ਅੰਕੜਿਆਂ ਅਨੁਸਾਰ ਸਿੱਖਾਂ ਦੀ ਪ੍ਰਜਨਣ ਦਰ ਦੇਸ਼ ਦੇ ਮੁੱਖ ਸਮੂਹਾਂ ਵਿੱਚ ਸਭ ਤੋਂ ਘੱਟ ਹੈ।
ਉਨ੍ਹਾਂ ਆਪਣੇ ਪੱਤਰ ਵਿੱਚ ਦਰਸਾਇਆ ਕਿ ਪੰਜਾਬ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦੀ ਹਿੱਸੇਦਾਰੀ 1991 ਵਿੱਚ 62.95 ਫੀਸਦੀ ਸੀ, ਜੋ 2011 ਦੀ ਜਨਗਣਨਾ ਵਿੱਚ ਘਟ ਕੇ 57.69 ਫੀਸਦੀ ਰਹਿ ਗਈ। ਡਾ. ਰਾਜੂ ਨੇ ਕਿਹਾ ਕਿ ਇਹ ਰੁਝਾਨ ਸਿੱਖ ਕੌਮ ਦੇ ਸਮਾਜਿਕ, ਸੱਭਿਆਚਾਰਕ ਅਤੇ ਜਨਸੰਖਿਆਕ ਭਵਿੱਖ ਲਈ ਚਿੰਤਾਜਨਕ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੇ ਮਾਡਲ ਦੀ ਤਰ੍ਹਾਂ ਤੀਜੇ ਬੱਚੇ ਲਈ ₹30 ਹਜ਼ਾਰ ਅਤੇ ਚੌਥੇ ਬੱਚੇ ਲਈ ₹40 ਹਜ਼ਾਰ ਦੇ ਵਿੱਤੀ ਪ੍ਰੋਤਸਾਹਨ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਡਾ. ਰਾਜੂ ਨੇ ਕਿਹਾ ਕਿ ਅਜਿਹਾ ਕਦਮ ਸਿੱਖ ਕੌਮ ਦੀ ਮਜ਼ਬੂਤੀ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।





