ਕੈਨੇਡਾ,6 ਸਤੰਬਰ (ਕੁਲਤਾਰਨ ਸਿੰਘ ਪਧਿਆਣਾ): ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਕੁਝ ਘੰਟੇ ਪਹਿਲਾਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਨਫ਼ਰਤੀ ਅਤੇ ਧਮਕੀ ਭਰੀ ਲਿਖਤ ਸਾਹਮਣੇ ਆਉਣ ਨਾਲ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਤਸਵੀਰ ਵਿੱਚ ਨਗਰ ਕੀਰਤਨ ਲਈ ਲਗਾਏ ਗਏ ਇੱਕ ਅਧਿਕਾਰਤ ਰੋਡ-ਕਲੋਜ਼ਰ ਸਾਈਨ ’ਤੇ ਹੱਥ ਨਾਲ ਕਥਿਤ ਤੌਰ ’ਤੇ “Go back to India” ਸਮੇਤ ਹਿੰਸਕ ਅਤੇ ਨਸਲੀ ਸੁਨੇਹੇ ਲਿਖੇ ਹੋਏ ਦਿਖਾਈ ਦੇ ਰਹੇ ਹਨ। ਸਾਈਨ ’ਤੇ ਨਾਜ਼ੀ ਸਵਾਸਤਿਕਾ ਵਰਗਾ ਨਫ਼ਰਤੀ ਚਿੰਨ੍ਹ ਵੀ ਬਣਾਇਆ ਗਿਆ ਹੈ।

ਵੱਖ ਵੱਖ ਮੀਡੀਆ ਅਦਾਰਿਆਂ ਦੀ ਰਿਪੋਰਟ ਮੁਤਾਬਕ, Winnipeg Police Service ਦੀ Hate Crimes Unit ਇਸ ਮਾਮਲੇ ਨਾਲ ਸਬੰਧਤ ਕਈ ਧਮਕੀ ਭਰੇ ਸੁਨੇਹਿਆਂ ਅਤੇ ਨਫ਼ਰਤੀ ਚਿੰਨ੍ਹਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਨਫ਼ਰਤੀ ਤਸਵੀਰ ਦੀ ਉਹ ਹਾਲੇ ਪੁਸ਼ਟੀ ਤਾਂ ਨਹੀਂ ਕਰਦੇ ਪਰ ਜਾਂਚ ਜਾਰੀ ਹੈ। ਨਗਰ ਕੀਰਤਨ ਦੇ ਮੱਦੇਨਜ਼ਰ ਵਾਧੂ ਪੁਲਿਸ ਮੌਜੂਦਗੀ ਅਤੇ ਪੈਟਰੋਲਿੰਗ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਦੂਜੇ ਪਾਸੇ ਵੱਖ ਵੱਖ ਸਿਆਸੀ ਆਗੂਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਇਸ ਕਾਰੇ ਦੀ ਨਿਖੇਧੀ ਕੀਤੀ ਹੈ ਤੇ ਸਿੱਖ ਭਾਈਚਾਰੇ ਨਾਲ ਖੜ੍ਹੇ ਹੋਣ ਦੀ ਹਾਮੀ ਭਰੀ ਹੈ।