ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਉਣ ਲਈ ਦਾਖ਼ਲ ਕੀਤੀ ਗਈ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਉਪਰ ਹੁਣ ਬਹਿਸ ਕਰਨ ਦੀ ਅਗਲੀ ਪੇਸ਼ੀ 9 ਅਕਤੂਬਰ ’ਤੇ ਪਾਈ ਗਈ ਹੈ।
ਇਥੇ ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸ਼ੂਟਰਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਲਤ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਅਨਮੋਲ ਬਿਸ਼ਨੋਈ ਨੂੰ ਵੀ ਇੱਕ ਮੁਲਜ਼ਮ ਮੰਨਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਅਰਜ਼ੀ ਦਾ ਜਵਾਬ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ’ਚ ਦੋਨਾਂ ਧਿਰਾਂ ਅਗਲੀ ਪੇਸ਼ੀ ’ਤੇ ਬਹਿਸ ਲਈ ਸੱਦਿਆ ਗਿਆ।
ਵੇਰਵਿਆਂ ਅਨੁਸਾਰ ਅਨਮੋਲ ਬਿਸ਼ਨੋਈ ਦੇ ਵਕੀਲ ਨੇ ਏਸੇ ਸਾਲ 27 ਫਰਵਰੀ ਨੂੰ ਇੱਕ ਅਰਜ਼ੀ ਲਗਾਕੇ ਉਸਨੂੰ ਤਿਹਾੜ ਜੇਲ੍ਹ ਤੋਂ ਲਿਆਕੇ ਇਸ ਮਾਮਲੇ ਵਿੱਚ ਹਿਰਾਸਤ ’ਚ ਲੈਣ ਦੀ ਗੱਲ ਕਹੀ ਸੀ, ਪਰ ਸਰਕਾਰ ਵੱਲੋਂ ਜਵਾਬ ਨਾ ਦੇਣ ਕਾਰਨ ਇਹ ਮਾਮਲਾ ਵਿੱਚ-ਵਿਚਾਲੇ ਲਟਕਦਾ ਆ ਰਿਹਾ ਸੀ। ਇਸ ਸਬੰਧੀ 28 ਅਗਸਤ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ ਅਗਲੀ ਪੇਸ਼ ਅੱਜ 18 ਸਤੰਬਰ ਦੀ ਤਹਿ ਕੀਤੀ ਸੀ।
ਉਧਰ ਅੱਜ ਪੇਸ਼ੀ ਦੌਰਾਨ ਸਰਕਾਰੀ ਗਵਾਹ ਸਬ-ਇੰਸਪੈਕਟਰ ਗੁਰਲਾਲ ਸਿੰਘ ਅਦਾਲਤ ਵਿੱਚ ਪੁੱਜਕੇ ਆਪਣੇ ਬਿਆਨ ਦਰਜ ਕਰਵਾਏ, ਜਿਸ ਦੌਰਾਨ ਬਚਾਅ ਪੱਖ ਦੀ ਬੇਨਤੀ ’ਤੇ ਬਹਿਸ ਨੂੰ ਅਗਲੀ ਪੇਸ਼ੀ ਤੱਕ ਮੁਲਤਵੀ ਕਰ ਦਿੱਤਾ ਗਿਆ।
ਇਸੇ ਦੌਰਾਨ ਅੱਜ ਅਦਾਲਤ ਵਿੱਚ ਦੋ ਹਾਰਡ ਡਿਕਸਾਂ ਅਤੇ ਇੱਕ ਪੈੱਨ ਡਰਾਈਵ ਨੂੰ ਅਦਾਲਤੀ ਰਿਕਾਰਡ ਵਜੋਂ ਰੱਖਿਆ ਗਿਆ, ਜਦੋਂ ਕਿ ਬਾਕੀ ਸਮਾਨ ਥਾਣਾ ਸਿਟੀ ਮਾਨਸਾ ਨੂੰ ਵਾਪਸ ਭੇਜਿਆ ਗਿਆ ਹੈ।
ਇਸੇ ਦੌਰਾਨ ਸ਼ੈਸਨ ਅਦਾਲਤ ਵੱਲੋਂ ਸੀਆਈਏ ਦੇ ਸਾਬਕਾ ਇੰਸਪੈਕਟਰ ਪਿ੍ਰਤਪਾਲ ਸਿੰਘ, ਡਾ. ਅਸ਼ਵਨੀ ਕਾਲੀਆ ਅਤੇ ਜ਼ਸ਼ਨਦੀਪ ਸਿੰਘ ਕਈ ਹੋਰ ਗਵਾਹਾਂ ਨੂੰ ਅਗਲੀ ਪੇਸ਼ੀ 9 ਅਕਤੂਬਰ ਨੂੰ ਮੁੜ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।ਇਹ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ ਦੱਸੇ ਜਾਂਦੇ ਹਨ
ਦੂਜੇ ਪਾਸੇ ਇੱਕ ਮੁਲਜ਼ਮ ਪਵਨ ਕੁਮਾਰ ਬਿਸ਼ਨੋਈ ਦੀ ਪੱਕੇ ਤੌਰ ’ਤੇ ਅਦਾਲਤ ਵਿੱਚ ਹਾਜ਼ਰੀ ਮੁਆਫ਼ ਕਰਨ ਸਬੰਧੀ ਦਿੱਤੀ ਅਰਜ਼ੀ ’ਤੇ ਪੰਜਾਬ ਸਰਕਾਰ ਪਾਸੋਂ ਉਤਰ ਮੰਗਿਆ ਹੈ। ਇੱਕ ਹੋਰ ਮੁਲਜ਼ਮ ਪ੍ਰਭਦੀਪ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਉਨ੍ਹਾਂ ਦੇ ਵਕੀਲ ਦੀ ਅਰਜ਼ੀ ’ਤੇ ਹਾਜ਼ਰੀ ਮੁਆਫ਼ ਕਰ ਦਿੱਤਾ, ਜਦੋਂ ਕਿ ਬਾਕੀ ਨਜ਼ਰਬੰਦ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ।