ਤਰਨਤਾਰਨ (ਅਮਿਤ ਮਰਵਾਹਾ)
ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸੇਵਾ ਕੇਂਦਰ ਮੁਲਾਜ਼ਮਾਂ ਨੇ ਸੂਬਾ ਕਮੇਟੀ ਯੂਨੀਅਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਗੁਰਸੇਵਕ ਸਿੰਘ ਦੀ ਰਹਿਨੁਮਾਈ ਹੇਠ ਰੋਸ ਮਾਰਚ ਕਰਕੇ ਤਰਨ ਤਾਰਨ ਦੇ ਵਾਸੀਆਂ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਾਇਆ। ਓਹਨਾ ਦੱਸਿਆ ਕਿ ਅਸੀਂ ਪਿਛਲੇ 10 ਸਾਲ ਤੋਂ ਸੇਵਾ ਕੇਂਦਰ ਵਿੱਚ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਹਾਂ ਪਰ ਸਰਕਾਰ ਅਤੇ ਕੰਪਨੀ ਨੇ ਰਲ ਕੇ ਮੁਲਾਜਮਾਂ ਉੱਪਰ ਤਾਨਾਸ਼ਾਹੀ ਰੁੱਖ ਅਪਣਾਇਆ ਹੋਇਆ ਹੈ।
ਹੈਰਾਨਗੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋ ਦਿਨ ਪਹਿਲਾਂ ਵੱਖ-ਵੱਖ ਵਿਭਾਗਾਂ ਵਿੱਚ ਮੁਲਾਜਮਾਂ ਨੂੰ ਪੱਕੇ ਕਰਨ ਬਾਰੇ ਪ੍ਰਚਾਰਿਆ ਸੀ। ਪ੍ਰੈਸ ਸਕੱਤਰ ਹਰਮਨ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਲਿਸਟ ਅਨੁਸਾਰ ਸੇਵਾ ਕੇਂਦਰ ਮੁਲਾਜਮਾਂ ਦਾ ਨਾਮ ਨਹੀਂ ਆਇਆ। ਉਹਨਾਂ ਦਾ ਨਾਮ ਨਾ ਆਉਣ ਕਰਕੇ ਸਾਰੇ ਸੇਵਾ ਕੇਂਦਰ ਦੇ ਮੁਲਾਜਮਾਂ ਵਿੱਚ ਭਾਰੀ ਰੋਸ ਹੈ,ਜਿਸ ਕਰਕੇ ਸਾਨੂੰ ਸਰਕਾਰ ਦੇ ਖਿਲਾਫ ਰੋਸ ਮਾਰਚ ਅਤੇ ਧਰਨੇ ਲਗਾਉਣੇ ਪੈ ਰਹੇ ਹਨ । ਇਸ ਸਮੇਂ ਯੂਨੀਅਨ ਦੇ ਮੈਂਬਰ ਮੈਡਮ ਬੇਅੰਤ ਕੌਰ ਨੇ ਕਿਹਾ ਕਿ ਸਾਡੇ ਸੇਵਾ ਕੇਂਦਰ ਦੇ ਕਈ ਮੁਲਾਜ਼ਮਾਂ ਨੂੰ ਟਰਮੀਨੇਟ ਦੀਆਂ ਈ- ਮੇਲ ਕਰਕੇ 3 ਜੂਨ ਨੂੰ ਰੁਜ਼ਗਾਰ ਮੇਲਾ ਲਗਾ ਰਹੀ ਹੈ ਅਤੇ ਸਰਕਾਰ ਤੇ ਕੰਪਨੀ ਨੂੰ ਸਾਡੀ ਚਿਤਾਵਨੀ ਹੈ ਜੇਕਰ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ 3 ਜੂਨ ਨੂੰ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਸਲਾਹਕਾਰ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਕੰਪਨੀ ਵੱਲੋਂ ਸਾਨੂੰ ਤਰਾਂ-ਤਰਾਂ ਦੇ ਡਰਾਵੇ ਮਾਰੇ ਜਾ ਰਹੇ ਓਹਨਾ ਦਾ ਸਾਡੇ ਤੇ ਕੋਈ ਅਸਰ ਨਹੀਂ ਹੈ, ਸਾਡੀ ਹੁਣ ਕੰਪਨੀ ਨਾਲ ਲੜਾਈ ਨਹੀਂ ਸਰਕਾਰ ਨਾਲ ਹੈ ਤੇ ਓਹ ਸਰਕਾਰ ਦਾ ਡੱਟ ਕੇ ਵਿਰੋਧ ਕਰਨਗੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਪੈਦਲ ਰੋਸ ਕਰਦਿਆ ਸੇਵਾ ਕੇਂਦਰ ਮੁਲਾਜਮਾਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਹਰਮੀਤ ਸਿੰਘ ਸੰਧੂ ਨੂੰ ਮੰਗ ਪੱਤਰ ਸੌਂਪਿਆ ਤੇ ਮੰਗਾ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਇਹ ਵਿਸ਼ਵਾਸ ਦਿਵਾਇਆ ਕਿ ਸੇਵਾ ਕੇਂਦਰ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਕਰਾਉਣ ਲਈ ਖੁੱਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਕੇ ਹੱਲ ਕਰਵਾਉਣਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਵੰਦਾ, ਮੰਗਲ ਸਿੰਘ ਜਵੰਦਾ, ਖੁਸ਼ਦੀਪ ਸਿੰਘ ਤੁੜ, ਦਲੇਰ ਸਿੰਘ ਤੁੜ,ਜਮਹੂਰੀ ਕਿਸਾਨ ਸਭਾ ਦੇ ਮੈਂਬਰ ਸੁਖਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਸੇਵਾ ਕੇਂਦਰ ਯੂਨੀਅਨ ਦਾ ਹਰੇਕ ਤਰ੍ਹਾਂ ਦਾ ਸਮਰਥਨ ਕਰਨਗੀਆਂ।ਰੋਸ ਮਾਰਚ ਦੌਰਾਨ ਪਹੁੰਚੇ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ ਜਿੰਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਅਤੇ ਬੀ.ਜੇ.ਪੀ. ਪਾਰਟੀ ਦੇ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੇਵਾ ਕੇਂਦਰ ਮੁਲਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਮਾਰਚ ਵਿੱਚ ਸ਼ਿਰਕਤ ਕੀਤੀ ਅਤੇ ਵਿਸ਼ਵਾਸ਼ ਦਵਾਇਆ ਕਿ ਉਹ ਇਸ ਸੰਘਰਸ਼ ਵਿੱਚ ਹਰੇਕ ਤਰ੍ਹਾਂ ਦਾ ਸਾਥ ਦੇਣਗੇ ਅਤੇ ਸਾਡੀ ਸਰਕਾਰੀ ਆਉਣ ਤੇ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਤੋਂ ਕੱਢ ਕੇ ਸਰਕਾਰ ਵਿੱਚ ਪੱਕਾ ਕੀਤਾ ਜਾਵੇਗਾ। ਇਸ ਮੌਕੇ ਸੇਵਾ ਕੇਂਦਰ ਯੂਨੀਅਨ ਦੇ ਸੇਵਾ ਸਹਾਇਕ ਪ੍ਰਧਾਨ ਵਰਿੰਦਰ ਸਿੰਘ ਜੋਤੀ ਨੇ ਰੋਸ ਮਾਰਚ ਵਿੱਚ ਪਹੁੰਚੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ l




