ਅੰਮ੍ਰਿਤਸਰ, 22 ਅਕਤੂਬਰ( ਜਸ਼ਨ )

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਭਾਜਪਾ 'ਤੇ ਪੰਜਾਬ ਦੀ 'ਆਪ' ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਣ ਲਾਹੇ ਲਈ ਕੇਂਦਰੀ ਏਜੰਸੀਆਂ ਅਤੇ ਨਸ਼ਿਆਂ ਦੇ ਮੁੱਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਿਆਂ ਦਾ ਸਿਆਸੀਕਰਨ ਕਰਕੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਕੇਸ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ। ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੇਸ ਕਰੀਬ ਦਸ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਲੁਧਿਆਣਾ ਅਤੇ ਅੰਮ੍ਰਿਤਸਰ ਦੋਵਾਂ ਅਦਾਲਤਾਂ ਵਿੱਚ ਵਕੀਲ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।

ਪੰਜਾਬ ਦੀਆਂ ਵਿਰੋਧੀ ਪਾਰਟੀਆਂ 'ਤੇ ਸਿਆਸੀ ਹਮਲਾ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਯੋਜਨਾਬੱਧ ਤਰੀਕੇ ਨਾਲ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਖ਼ਿਲਾਫ਼ ਦਰਜ ਕੇਸਾਂ ਦਾ ਹਵਾਲਾ ਦਿੰਦਿਆਂ ਪਾਰਟੀ 'ਤੇ 'ਆਪ' ਆਗੂਆਂ ਖ਼ਿਲਾਫ਼ ਝੂਠੇ ਅਤੇ ਬੇਬੁਨਿਆਦ ਕੇਸ ਬਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਵਿੱਚ ਵੀ ਅਜਿਹੇ ਹੀ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਘਟੀਆ ਸਿਆਸੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਣਗੇ।

ਦਿੱਲੀ ਹਵਾਈ ਅੱਡੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਏ ਦੁਰਵਿਵਹਾਰ ਦੀ ਨਿੰਦਾ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੂੰ ਦਿੱਲੀ ਹਵਾਈ ਅੱਡੇ 'ਤੇ ਤਿੰਨ ਘੰਟੇ ਇੰਤਜ਼ਾਰ ਕਰਵਾਉਣਾ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਹੈ। ਉਨ੍ਹਾਂ ਨੇ ਜੰਤਰ-ਮੰਤਰ ਪ੍ਰਦਰਸ਼ਨਾਂ ਦੌਰਾਨ ਦਿੱਲੀ ਪੁਲਿਸ ਦੇ ਜਵਾਨਾਂ ਦੇ ਜੁੱਤੀਆਂ ਅਤੇ ਡਾਂਗਾਂ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਦੀ ਵੀ ਆਲੋਚਨਾ ਕੀਤੀ ਅਤੇ ਭਾਜਪਾ ਨੂੰ ਪੰਜਾਬ ਅਤੇ ਇਸਦੇ ਲੋਕਾਂ ਦਾ ਅਪਮਾਨ ਨਾ ਕਰਨ ਦੀ ਅਪੀਲ ਕੀਤੀ।

ਭਾਜਪਾ ਵੱਲੋਂ ਪੰਜਾਬ ਪ੍ਰਤੀ ਦਿਖਾਈ ਜਾ ਰਹੀ ਨਵੀਂ ਹਮਦਰਦੀ 'ਤੇ ਸਵਾਲ ਚੁੱਕਦਿਆਂ ਸੰਜੇ ਸਿੰਘ ਨੇ ਪੁੱਛਿਆ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਜਾਨ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਜਿਹੀ ਚਿੰਤਾ ਕਿਉਂ ਨਹੀਂ ਪ੍ਰਗਟਾਈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਨਸ਼ਿਆਂ ਨੂੰ ਵੱਡਾ ਚੋਣ ਮੁੱਦਾ ਸਿਰਫ਼ ਇਸ ਲਈ ਬਣਾਇਆ ਹੈ ਕਿਉਂਕਿ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ।

ਸੰਜੇ ਸਿੰਘ ਨੇ ਅਡਾਨੀ ਗਰੁੱਪ ਵੱਲੋਂ ਚਲਾਈ ਜਾ ਰਹੀ ਗੁਜਰਾਤ ਦੀ ਮੁੰਦਰਾ ਬੰਦਰਗਾਹ 'ਤੇ ਵਾਰ-ਵਾਰ ਫੜੇ ਗਏ ਨਸ਼ਿਆਂ ਵੱਲ ਇਸ਼ਾਰਾ ਕਰਦਿਆਂ 260 ਕਰੋੜ, 900 ਕਰੋੜ ਅਤੇ 20,000 ਕਰੋੜ ਰੁਪਏ ਦੀ ਬਰਾਮਦਗੀ ਦਾ ਹਵਾਲਾ ਦਿੱਤਾ। 20,000 ਕਰੋੜ ਰੁਪਏ ਦੀ ਬਰਾਮਦਗੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਐਨ.ਆਈ.ਏ. ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਦੋਸ਼ੀਆਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਸ ਕਮਾਈ ਦੀ ਵਰਤੋਂ ਪਾਕਿਸਤਾਨ ਵਿੱਚ ਅੱਤਵਾਦ ਨੂੰ ਫੰਡ ਦੇਣ ਲਈ ਕੀਤੀ ਜਾ ਸਕਦੀ ਹੈ। ਪੰਜਾਬ ਨੂੰ ਨਿਸ਼ਾਨਾ ਬਣਾਉਣ ਵਾਲੀ ਭਾਜਪਾ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਆਪਣੇ ਰਿਕਾਰਡ 'ਤੇ ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ।

2015 ਤੋਂ 2017 ਤੱਕ 'ਆਪ' ਦੇ ਪੰਜਾਬ ਇੰਚਾਰਜ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਸੰਜੇ ਸਿੰਘ ਨੇ ਅਕਾਲੀ-ਭਾਜਪਾ ਸਰਕਾਰ 'ਤੇ ਪੰਜਾਬ ਨੂੰ ਨਸ਼ਿਆਂ ਦੇ ਸੰਕਟ 'ਚ ਧੱਕਣ ਅਤੇ ਵੱਡੇ ਪੱਧਰ 'ਤੇ ਨਸ਼ਿਆਂ ਦਾ ਕਾਰੋਬਾਰ ਵਧਣ-ਫੁੱਲਣ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਵੀ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਠੋਸ ਕਾਰਵਾਈ ਕਰਨ ਵਿੱਚ ਨਾਕਾਮ ਰਹੀ। ਇਸ ਦੇ ਉਲਟ, ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਨਸ਼ਿਆਂ ਨਾਲ ਸਬੰਧਤ 96,000 ਤੋਂ ਵੱਧ ਮਾਮਲੇ ਦਰਜ ਕੀਤੇ ਹਨ ਅਤੇ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ।

ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ ਹਵਾਲਾ ਦਿੰਦੇ ਹੋਏ ਕਾਨੂੰਨ ਵਿਵਸਥਾ ਬਾਰੇ ਭਾਜਪਾ ਦੇ ਦਾਅਵਿਆਂ 'ਤੇ ਵੀ ਸਵਾਲ ਚੁੱਕੇ, ਜਿਸ ਵਿੱਚ ਅਲੀਗੜ੍ਹ ਵਿੱਚ ਲਗਭਗ 115 ਅਤੇ ਗੁਜਰਾਤ ਵਿੱਚ ਲਗਭਗ 100 ਮੌਤਾਂ ਸ਼ਾਮਲ ਹਨ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਕਿ ਉਹ ਚੋਣਵੇਂ ਰੂਪ ਵਿੱਚ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਕੇਂਦਰ ਦੁਆਰਾ ਤਿਆਰ ਕੀਤੇ ਐਨਸੀਆਰਬੀ ਦੇ ਅੰਕੜਿਆਂ ਦੀ ਜਾਂਚ ਕਰਨ।

ਮਾਨ ਸਰਕਾਰ ਦੇ ਕੰਮਾਂ ਨੂੰ ਉਜਾਗਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਮੁਫ਼ਤ ਬਿਜਲੀ, ਸਰਕਾਰੀ ਨੌਕਰੀਆਂ, ਖੇਤੀ ਲਈ ਨਹਿਰੀ ਪਾਣੀ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ, ਔਰਤਾਂ ਲਈ ਮਾਲੀ ਮਦਦ ਅਤੇ ਤੀਰਥ ਯਾਤਰਾ ਆਦਿ ਸਹੂਲਤਾਂ ਨੇ ਪੰਜਾਬ ਵਿੱਚ ਇੱਕ ਸਾਕਾਰਾਤਮਕ ਮਾਹੌਲ ਸਿਰਜਿਆ ਹੈ ਅਤੇ ਸੂਬੇ ਵਿੱਚ 'ਆਪ' ਦੀ ਸਰਕਾਰ ਭਾਰੀ ਬਹੁਮਤ ਨਾਲ ਦੁਬਾਰਾ ਚੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਸੰਭਾਲ 'ਤੇ ਕੇਂਦਰਿਤ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀ ਹੈ, ਪਰ ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ।