ਮੋਗਾ,9 ਅਗਸਤ (ਲਛਮਣਜੀਤ ਸਿੰਘ ਪੁਰਬਾ ): ਸਮਾਜ ਸੇਵਾ ਦੀ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਰੋਟਰੀ ਕਲੱਬ ਮੋਗਾ ਰਾਇਲ ਦੇ ਮੈਂਬਰਾਂ ਵੱਲੋਂ ਐਤਵਾਰ ਨੂੰ ਮੇਹਮੇਵਾਲਾ ਰੋਡ ਸਥਿਤ ਬਿਰਧ ਆਸ਼ਰਮ ਵਿਖੇ ਪਹੁੰਚ ਕੇ ਬਜ਼ੁਰਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਸਮਾਨ ਭੇਟ ਕੀਤਾ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ।
ਬਿਰਧ ਆਸ਼ਰਮ ਵੱਲੋਂ ਲੋੜ ਸਬੰਧੀ ਕੀਤੀ ਗਈ ਮੰਗ ਦੇ ਅਨੁਸਾਰ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਦਾਲਾਂ, ਨਹਾਉਣ ਵਾਲਾ ਸਾਬਣ, ਡਿਟਰਜੈਂਟ ਪਾਊਡਰ, ਅਚਾਰ, ਆਟਾ, ਖੰਡ, ਕੋਲਡ ਡਰਿੰਕ ਅਤੇ ਚਾਹ ਪੱਤੀ ਸਮੇਤ ਹੋਰ ਲੋੜੀਂਦਾ ਸਮਾਨ ਆਸ਼ਰਮ ਦੇ ਸੇਵਾਦਾਰ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਕਲੱਬ ਪ੍ਰਧਾਨ ਅਮੋਲ ਸੂਦ, ਖਜ਼ਾਨਚੀ ਰਵੀ ਬਾਂਸਲ, ਸਕੱਤਰ ਰੁਪੇਸ਼ ਮਜੀਠੀਆ, ਪ੍ਰੋਜੈਕਟ ਚੇਅਰਮੈਨ ਸੂਰਜ ਮਿੱਤਲ, ਸਾਬਕਾ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਐਡਵੋਕੇਟ , ਵਿਸ਼ਾਲ ਸਿੰਗਲਾ, ਦਿਨੇਸ਼ ਗੋਇਲ, ਵਿਨੋਦ ਕੁਮਾਰ ਅਤੇ ਹਰੀਸ਼ ਬਾਂਸਲ ਸਮੇਤ ਹੋਰ ਮੈਂਬਰ ਮੌਜੂਦ ਸਨ।
ਇਸ ਦੌਰਾਨ ਕਲੱਬ ਮੈਂਬਰਾਂ ਨੇ ਬਜ਼ੁਰਗਾਂ ਦੇ ਨਾਲ ਬੈਠ ਕੇ ਕਾਫ਼ੀ ਸਮਾਂ ਬਿਤਾਇਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਲੱਬ ਮੈਂਬਰਾਂ ਨੇ ਆਸ਼ਰਮ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰ ਰਹੇ ਸੇਵਾਦਾਰ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਲੋੜ ਪੈਂਦੀ ਹੈ ਤਾਂ ਕਲੱਬ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਰੋਟਰੀ ਕਲੱਬ ਮੋਗਾ ਰਾਇਲ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਸਹਾਇਤਾ ਕਰ ਸਕੇ।
ਇਸ ਮੌਕੇ ਕਲੱਬ ਪ੍ਰਧਾਨ ਅਮੋਲ ਸੂਦ ਅਤੇ ਪ੍ਰੋਜੈਕਟ ਚੇਅਰਮੈਨ ਸੂਰਜ ਮਿੱਤਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਰਧ ਆਸ਼ਰਮ ਦੇ ਸੇਵਾਦਾਰ ਵੱਲੋਂ ਕਲੱਬ ਕੋਲ ਦਾਲਾਂ, ਨਹਾਉਣ ਵਾਲਾ ਸਾਬਣ, ਡਿਟਰਜੈਂਟ ਪਾਊਡਰ, ਅਚਾਰ, ਆਟਾ, ਖੰਡ, ਕੋਲਡ ਡਰਿੰਕ ਅਤੇ ਚਾਹ ਪੱਤੀ ਦੀ ਲੋੜ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਕਲੱਬ ਵੱਲੋਂ ਇਹ ਸਾਰਾ ਸਮਾਨ ਆਸ਼ਰਮ ਨੂੰ ਮੁਹੱਈਆ ਕਰਵਾਇਆ ਗਿਆ ਹੈ, ਤਾਂ ਜੋ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਸਬੰਧੀ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਆਸ਼ਰਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਲੋੜ ਸਾਹਮਣੇ ਆਉਣ 'ਤੇ ਕਲੱਬ ਵੱਲੋਂ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਕਲੱਬ ਦੇ ਸਾਬਕਾ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਹਰੇਕ ਵਿਅਕਤੀ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਮਿਲਣ ਲਈ ਜ਼ਰੂਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਬਜ਼ੁਰਗਾਂ ਨਾਲ ਬਿਤਾਇਆ ਗਿਆ ਥੋੜ੍ਹਾ ਜਿਹਾ ਸਮਾਂ ਵੀ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਆਪਣਾਪਣ ਮਹਿਸੂਸ ਹੁੰਦਾ ਹੈ।
ਉੱਥੇ ਹੀ ਆਸ਼ਰਮ ਦੇ ਸੇਵਾਦਾਰ ਨੇ ਕਿਹਾ ਕਿ ਭਾਵੇਂ ਬਿਰਧ ਆਸ਼ਰਮ ਸ਼ਹਿਰ ਤੋਂ ਕੁਝ ਦੂਰੀ 'ਤੇ ਸਥਿਤ ਹੈ, ਪਰ ਬਜ਼ੁਰਗਾਂ ਦੀ ਸੇਵਾ ਕਰਨ ਲਈ ਇੱਥੇ ਪਹੁੰਚਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਸਮਾਜਿਕ ਸੰਸਥਾਵਾਂ ਅਤੇ ਸਮਾਜ ਸੇਵੀਆਂ ਵੱਲੋਂ ਸਮੇਂ-ਸਮੇਂ 'ਤੇ ਆਸ਼ਰਮ ਵਿੱਚ ਪਹੁੰਚ ਕੇ ਬਜ਼ੁਰਗਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਹਿਯੋਗ ਦਿੱਤਾ ਜਾਂਦਾ ਹੈ।
ਇਸ ਮੌਕੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਜੋਗਿੰਦਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ ਅਤੇ ਹੋਰ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਭਾਵੇਂ ਅੱਜ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਿਰਧ ਆਸ਼ਰਮ ਵਿੱਚ ਬਿਤਾਉਣੀ ਪੈ ਰਹੀ ਹੈ, ਪਰ ਇੱਥੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਹੁੰਦੀ। ਜੋਗਿੰਦਰ ਸਿੰਘ ਨੇ ਕਿਹਾ ਕਿ ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ। ਭਾਵੇਂ ਉਹ ਅੱਜ ਆਪਣੇ ਘਰ ਤੋਂ ਦੂਰ ਹਨ, ਪਰ ਸਮਾਜ ਵਿੱਚ ਅੱਜ ਵੀ ਅਜਿਹੇ ਬੱਚੇ ਮੌਜੂਦ ਹਨ, ਜਿਨ੍ਹਾਂ ਨੂੰ ਚੰਗੇ ਸੰਸਕਾਰ ਮਿਲੇ ਹੋਏ ਹਨ ਅਤੇ ਉਹ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਆਉਂਦੇ ਰਹਿੰਦੇ ਹਨ।