ਪੰਜਾਬ ਕੇਸਰੀ ਗਰੁੱਪ ਦੇ ਮੋਗਾ ਤੋਂ ਸੀਨੀਅਰ ਪ੍ਰੈਸ ਫੋਟੋਗ੍ਰਾਫਰ ਸਤੀਸ਼ ਸਾਹਨੀ ਦਾ ਅੱਜ ਦੇਹਾਂਤ ਹੋ ਗਿਆ । "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਸ਼ੁਭਮ ਵਰਮਾ ਨੇ ਦੱਸਿਆ ਕਿ ਸ੍ਰੀ ਸਤੀਸ਼ ਸਾਹਨੀ ਤਕਰੀਬਨ ਦੋ ਮਹੀਨੇ ਤੋਂ ਅਧਰੰਗ ਦੀ ਬਿਮਾਰੀ ਨਾਲ ਲੜ ਰਹੇ ਸਨ ਪਰ ਹੁਣ ਉਹ ਕਾਫੀ ਠੀਕ ਸਨ ਅਤੇ ਉਹਨਾਂ ਦਾ ਪੁੱਤਰ ਵਿਕਾਸ ਸਾਹਨੀ ਵੀ ਵਿਦੇਸ਼ ਤੋਂ ਆਪਣੇ ਪਿਤਾ ਦੀ ਦੇਖ ਭਾਲ ਲਈ ਮੋਗਾ ਆਇਆ ਹੋਇਆ ਸੀ ਪਰ ਵਿਧੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਉਹ ਦੋ ਦਿਨ ਪਹਿਲਾਂ ਵਾਪਿਸ ਵਿਦੇਸ਼ ਚਲਾ ਗਿਆ ਸੀ ਤੇ ਪਿੱਛੋਂ ਇਹ ਭਾਣਾ ਵਾਪਰ ਗਿਆ ।ਸ਼ੁਭਮ ਵਰਮਾ ਨੇ ਦੱਸਿਆ ਕਿ ਸ੍ਰੀ ਸਤੀਸ਼ ਸਾਹਨੀ ਦਾ ਅੰਤਿਮ ਸਸਕਾਰ ਉਹਨਾਂ ਦੇ ਸਪੁੱਤਰ ਦੇ ਮੋਗਾ ਆਉਣ ਤੇ ਹੀ ਕੀਤਾ ਜਾਵੇਗਾ ।
ਜਗਬਾਣੀ ਪੰਜਾਬ ਕੇਸਰੀ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੱਤਰਕਾਰ ਪਰਿਵਾਰ ਦੇ ਮੈਂਬਰ ਸਾਹਨੀ ਦਾ ਵਿਛੋੜਾ ਬੇਹਦ ਦੁਖਦਾਈ ਹੈ ਅਤੇ ਪੈਦਾ ਹੋਏ ਇਸ ਖਲਾਅ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਸ੍ਰੀ ਸਤੀਸ਼ ਸਾਹਨੀ ਦੇ ਜਾਣ ਨਾਲ ਫੋਟੋ ਪੱਤਰਕਾਰੀ ਦੇ ਇਕ ਅਧਿਆਏ ਦਾ ਅੰਤ ਹੋ ਗਿਆ ਹੈ। ਕੈਮਰੇ ਤੇ ਉਹਨਾਂ ਦੇ ਹੱਥ ਅਤੇ ਅੱਖ ਦਾ ਸੁਮੇਲ ਹਰ ਤਸਵੀਰ ,ਹਰ ਵੀਡੀਓ ਵਿਚ ਜਾਨ ਪਾ ਦਿੰਦਾ ਸੀ। ਮੋਬਾਈਲ ਫੋਨ ਦਾ ਯੁਗ ਆਉਣ ਤੋਂ ਪਹਿਲਾਂ ਕੋਈ ਸਮਾਂ ਸੀ ਜਦੋਂ ਮੋਗਾ ਇਲਾਕੇ ਵਿਚ ਸਾਹਨੀ ਸਾਬ ਦੀ ਕਲਾ ਅਤੇ ਮੁਹਾਰਤ ਦਾ ਕੋਈ ਸੈਣੀ ਨਹੀਂ ਸੀ ਪਰ ਕਲਾ ਦੇ ਪਾਰਖੂਆਂ .ਸਮਾਜ ਸੇਵੀਆਂ ,ਧਾਰਮਿਕ ਸ਼ਖਸੀਅਤਾਂ ਲਈ ਅੱਜ ਬੇਹਦ ਦੁਖਦਾਈ ਖ਼ਬਰ ਹੈ ਕਿ ਹਸੂੰ ਹਸੂੰ ਕਰਦਾ ਸਾਹਨੀ ਸਾਬ ਦਾ ਚੇਹਰਾ ਹੁਣ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਸਤੀਸ਼ ਸਾਹਨੀ ਆਪਣੇ ਮਿੱਤਰ ਪਿਆਰਿਆਂ ਦੇ ਦਿਲਾਂ ਵਿਚ ਹਮੇਸ਼ਾ ਜਿਉਂਦਾ ਰਹੇਗਾ। "ਇੰਟਰਨੈਸ਼ਨਲ ਪੰਜਾਬੀ ਨਿਊਜ਼"ਦੀ ਸਮੁੱਚੀ ਟੀਮ ਵਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ।