ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨ 'ਚ ਸਰਕਾਰ ਨਾਕਾਮ, ਪੰਜਾਬ ਦੇ ਵੱਡਾ ਨੁਕਸਾਨ ਹੋਣ ਦੇ ਆਸਾਰ
ਮੋਗਾ,6 ਜੁਲਾਈ (ਜਸ਼ਨ )ਭਾਰਤ ਸਰਕਾਰ ਨੇ ਜੀ-5 ਓਟੀਟੀ ਪਲੇਟਫਾਰਮ ਤੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਬਣੀ ਫਿਲਮ 'ਸਤਲੁਜ' ਨੂੰ ਹਟਾ ਕੇ ਖੁਦ ਹੀ ਆਪਣਾ 'ਸਿੱਖ ਵਿਰੋਧੀ' ਤੇ ਮਨੁੱਖੀ ਅਧਿਕਾਰ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਅੱਜ ਇਥੇ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਜਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਬੁਲਾਰਿਆਂ, 13 ਮੈੰਬਰੀ ਕਮੇਟੀ ਤੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸਟੇਟ ਨੂੰ ਕਿਸ ਗੱਲ ਦਾ ਡਰ ਹੈ, ਜਿਸ ਕਰਕੇ ਮਨੁੱਖੀ ਅਧਿਕਾਰਾਂ ਦੇ ਰਾਖੇ ਦੀ ਸ਼ਹਾਦਤ 'ਤੇ ਬਣੀ ਫਿਲਮ ਹਟਾਉਣੀ ਪਈ।
ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਦੀਆਂ ਹੜ੍ਹ ਰਾਹਤ ਪ੍ਰਬੰਧਾਂ ਦੀਆਂ ਟੀਮਾਂ ਬਣਾਉਣ ਲਈ ਡਿਊਟੀ ਲਾਉੰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨ ਵਿਚ ਨਾਕਾਮ ਹੋਈ ਹੈ। ਉਹਨਾਂ ਕਿਹਾ ਕਿ ਨਾ ਤਾਂ ਡੈਮਾਂ ਦੀ ਸਿਲਟ ਕੱਢੀ ਗਈ ਹੈ ਤੇ ਨਾ ਹੀ ਡੈਮਾਂ 'ਚੋੰ ਪਾਣੀ ਦਾ ਪੱਧਰ ਘੱਟ ਕਰਨ ਲਈ ਪਾਣੀ ਛੱਡਿਆ ਗਿਆ ਹੈ। ਪੰਜਾਬ ਸਰਕਾਰ ਨੇ ਡਰੇਨਾਂ ਦੀ ਸਫਾਈ ਕਰਨ ਤੋੰ ਟਾਲਾ ਵੱਟਿਆ ਹੈ ਜਦਕਿ ਧੁੱਸੀ ਬੰਨ੍ਹ ਮਜਬੂਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ 'ਯੂਨਾਈਟਿਡ ਸਿੱਖ' ਸੰਸਥਾ ਦੀ ਸ਼ਲਾਘਾ ਕੀਤੀ ਕਿ ਉਹਨਾਂ ਵੱਲੋੰ ਕਈ ਥਾਵਾਂ 'ਤੇ ਬੰਨ੍ਹ ਮਜਬੂਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ 'ਸਤਲੁਜ' ਫਿਲਮ ਨੂੰ ਓਟੀਟੀ ਪਲੇਟਫਾਰਮ ਤੋੰ ਹਟਾਉਣ ਦੇ ਵਿਰੋਧ ਵਿੱਚ ਕੱਲ੍ਹ ਮਿਤੀ 7 ਜੁਲਾਈ ਨੂੰ ਪਿੰਡ ਖਾਲੜਾ ਤੋਂ ਤਰਨਤਾਰਨ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ਤੇ ਪਾਰਟੀ ਦਾ ਢਾਂਚਾ ਮਜਬੂਤ ਕਰਨ ਲਈ ਚੱਲ ਰਹੀ ਮੁਹਿੰਮ ਦੀ ਜਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਤੋ ਰਿਪੋਰਟ ਲਈ ਗਈ।
ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ ਵਨਚਿੜੀ, ਸੁਰਜੀਤ ਸਿੰਘ ਦੌਲਤਪੁਰਾ, ਹਰਭਜਨ ਸਿੰਘ ਤੁੜ, ਪਰਮਜੀਤ ਸਿੰਘ ਜੌਹਲ, ਸ. ਕਾਬਲ ਸਿੰਘ, ਸ. ਬਾਬੂ ਸਿੰਘ ਬਰਾੜ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ, , ਪ੍ਰਗਟ ਸਿੰਘ ਰਈਆ ਤੇ ਮੈੰਬਰ ਤਾਲਮੇਲ ਕਮੇਟੀ ਰਛਪਾਲ ਸਿੰਘ ਸੋਸਣ ਹਾਜ਼ਰ ਸਨ।