ਬਾਬਾ ਨਜਮੀ ਏਸ਼ੀਆ ਦੇ ਸਿਰਕੱਢ ਪੰਜਾਬੀ ਸ਼ਾਇਰਾਂ ਵਿੱਚ ਸ਼ਾਮਲ ਹੈ। ਜਗਦੇਵ ਕਲਾ(ਅੰਮ੍ਰਿਤਸਰ) ਤੋਂ 1947 ਕੇ ਉੱਜੜ ਕੇ ਲਾਹੌਰ(ਪਾਕਿਸਤਾਨ) ਗਏ ਪਰਿਵਾਰ ਵਿੱਚ 1948 ਨੂੰ ਜਨਮਿਆ। ਮੈਂ ਪਿਛਲੇ ਕੁਝ ਸਾਲਾਂ ਵਿੱਚ ਜਦ ਵੀ ਲਾਹੌਰ ਗਿਆ ਹਾਂ, ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਮੇਰੇ ਅੰਗ ਸੰਗ ਰਹਿੰਦੇ ਨੇ। ਬਾਬਾ ਨਜਮੀ ਦੀ ਲੋਕ ਸ਼ਾਇਰੀ ਦਾ ਮੈਂ ਕਾਇਲ ਹਾਂ। ਉਸ ਦੀ ਸ਼ਾਇਰੀ ਪਹਿਲਾਂ ਮਿਲੀ ਤੇ ਉਹ ਮਗਰੋਂ। ਪਹਿਲਾਂ ਹਰਭਜਨ ਸਿੰਘ ਹੁੰਦਲ ਜੀ ਨੇ ਉਸ ਨੂੰ ਗੁਰਮੁਖੀ ਅੱਖਰਾਂ ਵਿੱਚ ਢਾਲ ਕੇ ਪੁਸਤਕ ਰੂਪ ਵਿੱਚ ਪੰਜਾਬੀ ਸੱਥ ਲਾਂਬੜਾ ਰਾਹੀਂ ਸਾਡੇ ਲਈ ਪੇਸ਼ ਕੀਤਾ।
ਫਿਰ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਨੇ ਜਸਪਾਲ ਘਈ ਤੋਂ ਲਿਪੀਅੰਤਰ ਕਰਵਾ ਕੇ ਬਾਬਾ ਨਜਮੀ ਦਾ ਸਮੂਲਚਾ ਕਲਾਮ ਇੱਕ ਜਿਲਦ ਵਿੱਚ ਛਾਪਿਆ। ਇਸ ਬਾਰੇ ਮੈਂ ਵੀ ਉਸ ਵਿੱਚ ਇੱਕ ਵੱਡਾ ਲੇਖ ਲਿਖਿਆ।
ਅੱਜ ਬਾਬਾ ਨਜਮੀ ਦੀ ਵਿਸ਼ਵ ਪੰਜਾਬੀ ਕਾਨਫਰੰਸ 2024 ਲਈ ਪਿਛਲੀ ਲਾਹੌਰ ਫੇਰੀ ਦੌਰਾਨ ਮਿਲਣ ਸਾਰ ਪਾਈ ਗਲਵੱਕੜੀ ਵਾਲੀ ਤਸਵੀਰ ਸਾਹਮਣੇ ਆਈ ਤਾਂ ਮਨ ਵੈਰਾਗ ਚ ਚਲਾ ਗਿਆ। ਪਾਕਿ ਹੈਰੀਟੇਜ ਹੋਟਲ ਵਿੱਚ ਉਹ ਸਾਥੋਂ ਪਹਿਲਾਂ ਅੱਪੜਿਆ ਹੋਇਆ ਸੀ।
ਸੋਚਦਾ ਹਾਂ, ਉਹ ਦਿਨ ਕਦੋਂ ਪਰਤਣਗੇ?

ਬਾਬਾ ਨਜ਼ਮੀ ਦੀ ਸ਼ਾਇਰੀ ’ਚ ਕਾਇਨਾਤ ਦੇ ਸੱਤੇ ਰੰਗ ਵਿਦਮਾਨ ਨੇ। ਬੜੇ ਗੂੜ੍ਹੇ ਅੰਦਾਜ਼ ਵਿੱਚ ਵੱਖ-ਵੱਖ ਵੀ ਤੇ ਆਪਸ 'ਚ ਘੁਲੇ-ਮਿਲੇ ਵੀ। ਕਿਸੇ ਸ਼ਾਇਰ ਦੀ ਸਰਬ ਪੱਖਤਾ ਹੀ ਉਸਨੂੰ ਤ੍ਰੈਕਾਲ ਦਰਸ਼ੀ ਦ੍ਰਿਸ਼ਟੀਵੇਤਾ ਬਣਾਉਂਦੀ ਹੈ। ਬਾਬਾ ਨਜਮੀ ਆਪਣੇ ਪੂਰਬਲੇ ਕਵੀਆਂ ਲਈ ਸਤਿਕਾਰ ਰੱਖਦਾ ਹੈ ਤੇ ਮਗਰਲਿਆਂ ਲਈ ਆਸਵੰਦ ਹੈ। ਉਸ ਨੂੰ ਮਾਣ ਹੈ ਕਿ ਉਸ ਦੀ ਜ਼ਬਾਨ ਦੇ ਕਵੀ ਧਰਮ ਦੇ ਤੰਦੂਆ ਜਾਲ ਤੋਂ ਮੁਕਤ ਹੋ ਕੇ ਆਪਣੀ ਆਜ਼ਾਦ ਗੱਲ ਕਹਿਣੀ ਜਾਣਦੇ ਨੇ।

ਆਪਣੀ ਬੇਬਾਕੀ ਅਤੇ ਸਪੱਸ਼ਟਤਾ ਦੇ ਨਾਲ-ਨਾਲ ਬਾਬਾ ਨਜਮੀ ਵਿਸ਼ਵ ਰਾਜਨੀਤੀ ਦਾ ਵੀ ਪੂਰਨ ਗਿਆਤਾ ਹੈ। ਉਸ ਦੇ ਵਤਨ ਪਾਕਿਸਤਾਨ ਦੇ ਲੋਕਾਂ ਲਈ ਕਿਸ ਦੇਸ਼ ਨਾਲ ਦੋਸਤੀ ਚੰਗੀ ਹੈ ਜਾਂ ਨਹੀਂ, ਉਹ ਬੜਾ ਹੀ ਪਾਰਦਰਸ਼ੀ ਹੈ।

ਨਾ ਜਾ ਅਮਰੀਕਾ ਨਾਲ ਕੁੜੇ।
ਸਾਨੂੰ ਤੇਰਾ ਬੜਾ ਖ਼ਿਆਲ ਕੁੜੇ।

ਇਸ ਖ਼ਿਆਲ ਵਿੱਚ ਖ਼ਦਸ਼ਾ ਸ਼ਾਮਿਲ ਹੈ, ਕਿਉਂਕਿ ਉਸ ਨੂੰ ਭਾਸਦਾ ਹੈ ਕਿ ਅਮਰੀਕਾ ਆਪਣੀ ਗਰਜ਼ ਲਈ ਕਿਸੇ ਨਾਲ ਕੋਈ ਵੀ ਭਾਣਾ ਵਰਤਾ ਸਕਦਾ ਹੈ। ਓਹੀ ਗੱਲ ਹੋਈ, ਜਿਸ ਦਾ ਡਰ ਸੀ। ਅਮਰੀਕੀ ਸਾਮਰਾਜ ਦੇ ਜ਼ਾਲਮ ਖੂਨੀ ਪੰਜੇ ਦੀ ਨੀਅਤ ਤੇ ਨੀਤੀ ਬਾਰੇ ਉਹ ਖੁੱਲ੍ਹ ਕੇ ਬੋਲਦਿਆਂ ਬਹੁਤ ਚਿਰ ਪਹਿਲਾਂ “ਸੋਚਾਂ ਵਿੱਚ ਜਹਾਨ” 'ਚ ਬੋਲਿਆ,

ਦੇਵੇ ਬੁਸ਼ ਬਹਾਦਰ ਜਿਹੜਾ
ਸਾਨੂੰ ਹੁਕਮ ਸੁਣਾਵੇ ਬੁੱਢਾ।

ਭਰ ਕੇ ਛੱਜ ਪਤਾਸੇ ਵੰਡਾਂ,
ਸਾਡੇ ਸਿਰ ਤੋਂ ਲਾਹਵੇ ਬੁੱਢਾ।

ਉਸ ਦੀ ਇੱਕ ਨਜ਼ਮ ਗੁੱਗਾ ਪੀਰ ਬੜੀ ਹੀ ਕਮਾਲ ਦੀ ਹੈ। ਇਸ ਵਿੱਚ ਸੱਪਾਂ ਦੀਆਂ ਨਸਲਾਂ ਦੇ ਹਵਾਲੇ ਨਾਲ ਉਹ ਸਾਨੂੰ ਸਿਆਸੀ ਦ੍ਰਿਸ਼ ਦੇ ਰੁਬਰੂ ਖੜ੍ਹਾ ਕਰ ਦਿੰਦਾ ਹੈ।

ਸਾਂਝੇ ਪੰਜਾਬ ਦੀ ਸਾਂਝੀ ਰਹਿਤਲ, ਸਾਂਝੇ ਸੂਰਮੇ ਤੇ ਸਾਂਝੀ ਲੋਕ-ਸ਼ਕਤੀ ਉਸ ਦੀ ਸ਼ਾਇਰੀ ਦੀ ਸਮਰਥ ਸ਼ਕਤੀ ਹੈ। ਉਹ 1947 ਤੋਂ ਪਹਿਲਾਂ ਵਾਲੇ ਜੰਗੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨ ਹੋਏ ਸੂਰਮਿਆਂ ਦਾ ਵਾਰਿਸ ਹੈ ਅਤੇ ਇਹ ਵਿਰਾਸਤ ਅੱਗੇ ਆਪਣੇ ਪੁੱਤਰ ਨੂੰ ਸੌਂਪਣੀ ਚਾਹੁੰਦਾ ਹੈ। ਉਸਨੂੰ ਸੁਰਖ਼ ਸੋਚ ਨਾਲ ਉਣਸ ਹੈ, ਇਸੇ ਕਰਕੇ ਸ਼ਹੀਦ ਭਗਤ ਸਿੰਘ ਉਸਨੂੰ ਆਪਣਾ ਵੀਰ ਲੱਗਦਾ ਹੈ। ਇਸ ਵੀਰ ਦੇ ਪੈਰ ਚਿੰਨ੍ਹਾਂ ਤੇ ਪੁੱਤਰ ਨੂੰ ਤੋਰਨ ਲਈ, ਇੰਜ ਬੋਲਦਾ ਹੈ-

ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇ
ਮੇਰਾ ਪੁੱਤਰ ਮੇਰਾ ਵੀਰ
ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ।
ਮੇਰੀ ਪੂਰੀ ਆਸ ਕਰੇ।

ਬਾਬਾ ਨਜਮੀ ਦੇ ਪਹਿਲੇ ਸੰਗ੍ਰਹਿ ਅੱਖਰਾਂ ਵਿੱਚ ਸਮੁੰਦਰ 'ਚ ਉਸਨੇ 1992 'ਚ ਹੀ ਲਿਖ ਦਿੱਤਾ ਸੀ।

ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਰ ਜਾਈਏ ਤੇ ਚੰਗਾ ਏ।
ਭੱਜਣ ਨਾਲੋਂ ਵਿਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ।

ਚੜ੍ਹੀ ਹਨ੍ਹੇਰੀ ਰੱਬ ਈ ਜਾਣੇ ਕਿਹੜਾ ਰੰਗ ਵਿਖਾਏਗੀ,
ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ।

ਖ਼ੌਰੇ ਕੱਲ੍ਹ ਮਿਲੇ ਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ,
ਕੱਲ੍ਹ ਦੀਆਂ ਵੀ ਕੁਝ ਅੱਜ ਗੱਲਾਂ ਕਰ ਜਾਈਏ ਤੇ ਚੰਗਾ ਏ।

ਬਾਬਾ ਨਜਮੀ ਨੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਬੜੀ ਹੀ ਸਮਰਥ ਗ਼ਜ਼ਲ ਕਹੀ ਹੈ। ਇਸ ਨੂੰ ਪੰਜਾਬੀ ਜ਼ਬਾਨ ’ਚ ਮੈਨੀਫੈਸਟੋ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ। ਉਹ ਆਪਣੀ ਜ਼ਬਾਨ ਤੇ ਸਮਰੱਥਾ, ਜ਼ਰੂਰਤ ਤੇ ਸ਼ਕਤੀ ਦੇ ਅਜਿਹੇ ਬੋਲ ਉਚਰਦਾ ਹੈ, ਜਿੰਨ੍ਹਾਂ ਨੂੰ ਪੜ੍ਹਦਿਆਂ ਬੜੀ ਜ਼ੁੰਬਸ਼ ਮਿਲਦੀ ਹੈ। ਜ਼ਬਾਨ ਨਾਲ ਮੁਹੱਬਤ ਦਾ ਰਿਸ਼ਤਾ ਪ੍ਰਪੱਕ ਹੁੰਦਾ ਹੈ।

ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ।

ਧੂੜਾਂ ਨਾਲ ਕਦੇ ਨ ਮਰਨਾ ਸ਼ੀਸ਼ੇ ਦੇ ਲਿਸ਼ਕਾਰੇ ਨੇ,
ਜਿੰਨੀ ਮਰਜ਼ੀ ਤਿੱਖੀ ਬੋਲੇ, ਉਰਦੂ ਬਾਲ ਪੰਜਾਬੀ ਦਾ।

ਲੋਕੀਂ ਮੰਗ ਮੰਗਾ ਕੇ ਅਪਣਾ ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ।

ਜਿਹੜੇ ਆਖਣ ਵਿਚ ਪੰਜਾਬੀ ਵੁਸਅਤ ਨਈਂ, ਤਹਿਜ਼ੀਬ ਨਈਂ,
ਪੜ੍ਹ ਕੇ ਵੇਖਣ ਵਾਰਿਸ, ਬੁੱਲ੍ਹਾ, ਬਾਹੂ, ਲਾਲ, ਪੰਜਾਬੀ ਦਾ।

ਤਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ,
ਕੋਈ ਵੀ ਜਬਰਨ ਕਰ ਨਈਂ ਸਕਦਾ ਵਿੰਗਾ ਵਾਲ ਪੰਜਾਬੀ ਦਾ।

ਮਾਂ ਬੋਲੀ ਦੀ ਘਰ ਵਿਚ ਇੱਜ਼ਤ ਕੰਮੀ ਜਿੰਨੀ ਵੇਖ ਰਿਹਾਂ,
ਦੇਸ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ।

ਗ਼ਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤਕ ਲਹਿਣਾ ਨਈਂ,
ਓਨਾ ਚਿਰ ਤੇ ਹੋ ਨਹੀਂ ਸਕਦਾ ਹੱਕ ਬਹਾਲ ਪੰਜਾਬੀ ਦਾ।

ਹੱਥ ਹਜ਼ਾਰਾਂ ਵਧ ਕੇ ‘ਬਾਬਾ’ ਘੁੱਟ ਦਿੰਦੇ ਨੇ ਮੇਰਾ ਮੂੰਹ,
ਪਰ੍ਹਿਆ ਦੇ ਵਿਚ ਜਦ ਵੀ ਚੁੱਕਨਾਂ ਕੋਈ ਸਵਾਲ ਪੰਜਾਬੀ ਦਾ।

ਲੱਗਦੇ ਹੱਥ, ਇੱਥੇ ਆਪਣੇ ਮਨ ਚਿੱਤ ਦੀ ਗੱਲ ’ਚੋਂ ਵੀ ਦੱਸ ਦਿਆਂ। ਹਾਲ ਹੀ ਵਿੱਚ ਲਾਹੌਰ ਚ ਸਮਾਪਤ ਹੋਈ ਵਿਸ਼ਵ ਪੰਜਾਬੀ ਅਮਨ ਕਾਨਫ਼ਰੰਸ ਦੇ ਮਤੇ ਲਿਖਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਤਾਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਬਾਬਾ ਨਜਮੀ ਦੀ ਇਹ ਗ਼ਜ਼ਲ ਮੇਰਾ ਰਾਹ ਦਸੇਰਾ ਬਣੀ। ਅਸਾਂ ਮੰਗ ਕੀਤੀ ਕਿ ਪੰਜਾਬ ਅਸੰਬਲੀ 'ਚ ਉਵੇਂ ਹੀ ਪੰਜਾਬੀ ਬੋਲਣ ਦੀ ਪ੍ਰਵਾਨਗੀ ਹੋਵੇ ਜਿਵੇਂ ਸਿੰਧ ਵਿੱਚ ਸਿੰਧੀ, ਪਖ਼ਤੂਨਵਾ ’ਚ ਪਸ਼ਤੋ ਤੇ ਬਲੋਚਿਸਤਾਨ 'ਚ ਬਲੋਚੀ ਬੋਲੀ ਜਾਂਦੀ ਹੈ। ਅੱਠ ਕਰੋੜ ਤੋਂ ਵੱਧ ਵਸੋਂ ਵਾਲੇ ਪੰਜਾਬ ਦੀ ਜ਼ਬਾਨ ਜੇ ਪੰਜਾਬੀ ਹੈ ਤਾਂ ਅਸੰਬਲੀ ’ਚ ਉਰਦੂ ਦੀ ਸਰਦਾਰੀ ਕਿਉਂ ਹੋਵੇ। ਇਵੇਂ ਹੀ ਮੰਗ ਕੀਤੀ ਕਿ ਪ੍ਰਾਇਮਰੀ ਪੱਧਰ ਤੋਂ ਪੰਜਾਬੀ ਜ਼ਬਾਨ ਪੜ੍ਹਾਉਣ ਦਾ ਯੋਗ ਪ੍ਰਬੰਧ ਸੂਬਾਈ ਹਕੂਮਤ ਹਾਈ ਸਕੂਲ ਪੱਧਰ ਤੀਕ ਕਰੇ। ਬਾਬਾ ਨਜਮੀ ਜ਼ਿੰਦਾਬਾਦ ਹੋ ਗਿਆ, ਮੇਰੀ ਧਿਰ ਬਣ ਕੇ।

ਵਿਸ਼ਵ ਅਮਨ ਦੀ ਸਲਾਮਤੀ ਲਈ ਉਸਦੀ ਕਲਮ ਹਮੇਸ਼ਾ ਹੀ ਫ਼ਿਕਰਮੰਦ ਤੇ ਸਿਰਜਣ ਸ਼ੀਲ ਰਹੀ ਹੈ। ਉਸ ਨੂੰ ਹਿੰਦ-ਪਾਕ ਤਣਾਉ ਉਦਾਸ ਹੀ ਨਹੀਂ, ਤੰਗ ਕਰਦਾ ਹੈ। ਉਹ ਜਾਣਦਾ ਹੈ ਕਿ-

ਗੰਦੇ ਅੰਡੇ ਏਧਰ ਵੀ ਨੇ, ਓਧਰ ਵੀ।
ਕੁਝ ਮੁਸ਼ਟੰਡੇ ਏਧਰ ਵੀ ਨੇ, ਓਧਰ ਵੀ।

ਕਿਹਨਾਂ ਦੇ ਹੁਣ ਗਾਉਣੇ ‘ਦੱਸੋ ਮੁੱਲਾਂ ਜੀ’,
ਹਲਵੇ ਮੰਡੇ ਏਧਰ ਵੀ ਨੇ, ਓਧਰ ਵੀ।

ਜਿਹਨਾਂ ਸਿੰਗ ਵਿਖਾ ਕੇ ਖਾਧਾ ਅਜ਼ਲਾਂ ਤੇ,
ਲੋਕੋ ਸੰਢੇ ਏਧਰ ਵੀ ਨੇ, ਓਧਰ ਵੀ।

ਬਾਬਾ ਨਜਮੀ ਦੀ ਇੱਕ ਕਵਿਤਾ ‘ਗੋਲ਼ੀ’ ਪੜ੍ਹਦਿਆਂ ਮੈਨੂੰ ਬਹੁਤ ਕੁਝ ਚੇਤੇ ਆਇਆ। ਵਿਸ਼ੇਸ਼ ਕਰਕੇ ਆਪਣੀ ਨਜ਼ਮ ਕਾਵਿ ਸੰਗ੍ਰਹਿ ਅਗਨ ਕਥਾ ਵਾਲੀ ‘ਨਿਜ਼ਾਮ’ ਚੇਤੇ ਆਈ-

ਇਸ ਦਾ ਕੱਲ੍ਹਾ ਮੂੰਹ ਨਾ ਵੇਖੋ।
ਮੂੰਹ ਅੰਦਰਲੇ ਦੰਦ ਵੀ ਵੇਖੋ।

ਮੀਸਣੀਆਂ ਮੁਸਕਾਨਾਂ ਓਹਲੇ,
ਜੋ ਜੋ ਚਾੜ੍ਹੇ ਚੰਦ ਵੀ ਵੇਖੋ ।

ਇਹਦਾ ਕੀਤਾ ਜਬਰ ਵੀ ਵੇਖੋ।
ਧਰਤੀ ਮਾਂ ਦਾ ਸਬਰ ਵੀ ਵੇਖੋ !

ਫ਼ਸਲਾਂ ਦੀ ਥਾਂ ਬੰਦੇ ਬੀਜੇ,
ਲੰਮ ਸਲੰਮੀ ਕਬਰ ਵੀ ਵੇਖੋ।

ਮੈਨੂੰ ‘ਗੋਲ਼ੀ’ ਕਵਿਤਾ ਬੜੀ ਹੀ ਮੁੱਲਵਾਨ ਰਚਨਾ ਲੱਗਦੀ ਹੈ।

ਗੋਲ਼ੀ ਅੰਨ੍ਹੀ, ਗੁੰਗੀ ਬੋਲੀ,
ਸੰਗੀਓ ਇਹਦਾ ਸੰਗ ਨਈਂ ਚੰਗਾ।
ਇਹਦਾ ਕੋਈ ਵੀ ਰੰਗ ਨਈਂ ਚੰਗਾ।
ਇਹਦਾ ਕੋਈ ਵੀ ਫਾਇਦਾ ਨਹੀਂ ਜੇ।

ਇਹਦਾ ਕੋਈ ਵੀ ਕਾਇਦਾ ਨਈਂ ਜੇ।

ਗੋਲ਼ੀ ਇਹਨਾਂ ਵੱਲੋਂ ਚੱਲੇ ।
ਗੋਲ਼ੀ ਉਹਨਾਂ ਵੱਲੋਂ ਚੱਲੇ ।

ਗੋਲ਼ੀ ਨਾਲ ਪੁਆੜਾ ਪੈਂਦਾ।
ਗੋਲ਼ੀ ਨਾਲ ਉਜਾੜਾ ਪੈਂਦਾ।

ਏਧਰ ਵੀ ਇਹ ਬੰਦਾ ਮਾਰੇ ।
ਓਧਰ ਵੀ ਇਹ ਬੰਦਾ ਮਾਰੇ ।

ਆਪਣੇ ਬੰਦੇ ਮਾਰਨ ਨਾਲ਼ੋਂ ।
ਕਬਰਾਂ ਵਿੱਚ ਉਤਾਰਨ ਨਾਲ਼ੋਂ।
ਮੇਰੀ ਮੰਨੋ, ਮੇਰੇ ਚੰਨੋ ।

ਇੱਕ ਦੂਜੇ ਦੇ ਸੀਨੇ ਲੱਗੋ ।
ਫੁੱਲਾਂ ਦੇ ਗੁਲਦਸਤੇ ਲੱਭੋ ।
ਬੰਦੇ ਖਾਣੀ ਗੋਲ਼ੀ ਦੱਬੋ ।

ਵਾਘਾ ਸਰਹੱਦ ’ਤੇ ਰੀਟਰੀਟ ਰਸਮ ਵੇਲੇ ਦੀ ਪਰੇਡ ਵਿਚਲੀ ਭਿਆਨਕਤਾ ਦੇ ਖਿਲਾਫ਼ ਮਤਾ ਲਿਖਣ ਵੇਲੇ ਵੀ ਇਹ ਕਵਿਤਾ ਮੇਰੇ ਸਨਮੁੱਖ ਸੀ। ਮਹਿਕੰਦੜੇ ਰਿਸ਼ਤੇ ਉਹ ਜਾਣਦੈ ਕਿ ਵਿਕਾਸ ਦੀ ਜਾਮਨੀ ਭਰਦੇ ਨੇ। ਬਾਬਾ ਨਜਮੀ ਮਨੁੱਖਤਾ ਦਾ ਸ਼ਾਇਰ ਹੈ, ਇਸੇ ਕਰਕੇ ਉਸ ਦੀ ਲੋਕ ਪੱਖੀ, ਅਮਨ ਮੰਗਦੀ ਸ਼ਾਇਰੀ ਨੂੰ ਸਲਾਮ ਕਹਿਣ ਨੂੰ ਦਿਲ ਕਰਦਾ ਹੈ।

ਬਾਬਾ ਨਜਮੀ ਸਾਡੇ ਵੇਲਿਆਂ ਦਾ ਉਹ ਸ਼ਾਇਰ ਹੈ, ਜਿਸ ਕੋਲ ਅਮਨ ਦੀ ਤਾਂਘ ਦੇ ਨਾਲ-ਨਾਲ ਸਮਰੱਥ ਸ਼ਬਦ ਬਾਣ ਵੀ ਹਨ ਜੋ ਵਕਤ ਦੇ ਰਾਵਣਾਂ ਦੀ ਨਾਭੀ ਵਿੱਚ ਸਿੱਧੇ ਵੱਜਦੇ ਹਨ। ਐਟਮ ਦੇ ਖ਼ਿਲਾਫ਼ ਉਸ ਦੀਆਂ ਸਤਰਾਂ ਨਾਲ਼ ਹੀ ਗੱਲ ਮੁਕਾਵਾਂਗਾ।

ਡੰਗਰ ਬਣ ਗਏ ਆਦਮ ਜਾਏ
ਬੰਦਿਆਂ ਨੇ ਬਘਿਆੜ ਭੁਲਾਏ।

ਬਾਬਾ ਨਜਮੀ ਦੀ ਸਮਰਥ ਸ਼ਾਇਰੀ ਨੂੰ ਮੇਰਾ ਸਲਾਮ । ਪੰਜਾਬੀ ਕਵਿਤਾ ਦੇ ਇਸ ਬੁਲੰਦ ਅੰਦਾਜ਼ ਨੂੰ ਮਾਂ ਬੋਲੀ ਚਿਰਾਂ ਤੋਂ ਉਡੀਕ ਰਹੀ ਸੀ।
🟤