ਧਰਮਕੋਟ ,15 ਮਈ(ਹਰਦੀਪ ਸਿੰਘ)
ਜ਼ਿਲ੍ਹਾ ਪਰਿਸ਼ਦ ਮੋਗਾ ਦੇ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ ਹੈ। ਜ਼ਿਲ੍ਹੇ ਦੇ ਚਾਰੋ ‘ਆਪ’ ਵਿਧਾਇਕਾਂ ਨੇ ਸਮੂਹ ਚੁਣੇ ਗਏ ਪਾਰਟੀ ਮੈਂਬਰਾਂ ਦੀ ਸਹਿਮਤੀ ਅਤੇ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਇਹ ਚੋਣ ਮੁਕੰਮਲ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਦੇ ਮੀਟਿੰਗ ਹਾਲ ਵਿਖੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਅਤੇ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ 12 ਮੈਂਬਰਾਂ ਤੋਂ ਇਲਾਵਾ ਪੰਚਾਇਤ ਸੰਮਤੀਆਂ ਦੇ ਪੰਜੇ ਚੇਅਰਮੈਨ ਸ਼ਾਮਲ ਹੋਏ। ਸਮੂਹ ਵਿਧਾਇਕਾਂ ਨੇ ਆਪਸੀ ਸਹਿਮਤੀ ਨਾਲ ਧਰਮਕੋਟ ਨਾਲ ਸਬੰਧਤ ਆਪ ਆਗੂ ਰਵਿੰਦਰ ਪਾਲ ਸਿੰਘ ਰਵੀ ਗਿੱਲ ਦਾ ਨਾਮ ਚੇਅਰਮੈਨ ਵਜੋਂ ਐਲਾਨ ਦਿੱਤਾ। ਇਸੇ ਤਰ੍ਹਾਂ ਹੀ ਉਪ ਚੇਅਰਮੈਨ ਵਜੋਂ ਬੀਬੀ ਅਮਨਦੀਪ ਕੌਰ ਢੁਡੀਕੇ ਦੇ ਨਾਮ ਉਪਰ ਸਹਿਮਤੀ ਪ੍ਰਗਟ ਕੀਤੀ ਗਈ। ਸਮੂਹ ਮੈਂਬਰਾਂ ਨੇ ਇਨ੍ਹਾਂ ਦੋਹਾਂ ਅਹੁਦਿਆਂ ਲਈ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦੇ ਦਿੱਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ ਮੋਗਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ ਕੁਲ 15 ਮੈਂਬਰਾ ਹਨ। ਜਿਸ ਵਿਚ ਧਰਮਕੋਟ ਦੇ 4, ਮੋਗਾ ਦੇ 2, ਨਿਹਾਲ ਸਿੰਘ ਵਾਲਾ ਦੇ 5 ਅਤੇ ਬਾਘਾਪੁਰਾਣਾ ਦੇ 4 ਮੈਂਬਰ ਹਨ।ਇਨ੍ਹਾਂ ਵਿਚੋਂ 12 ਮੈਂਬਰ ਆਪ ਨਾਲ ਸਬੰਧਤ ਹਨ। ਬਾਕੀ 2 ਸੀਟਾਂ ਉੱਤੇ ਅਕਾਲੀ ਦਲ ਅਤੇ ਇੱਕ ਉੱਤੇ ਕਾਂਗਰਸ ਉਮੀਦਵਾਰ ਜੇਤੂ ਰਹੇ ਸਨ।ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਾਜ਼ਰ ਸਮੂਹ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਸਮੇਤ ਪੰਚਾਇਤ ਸੰਮਤੀ ਦੇ ਚੇਅਰਮੈਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਪੰਚਾਇਤੀ ਰਾਜ ਦੇ ਇਸ ਅਦਾਰੇ ਦੀ ਚੋਣ ਸਰਬਸੰਮਤੀ ਨਾਲ ਸੰਪੂਰਨ ਹੋਈ ਹੈ। ਉਨ੍ਹਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਉੱਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਉੱਤੇ ਲੈਕੇ ਜਾਣਗੇ। ਵਿਧਾਇਕਾਂ ਡਾ.ਅਮਨਦੀਪ ਕੌਰ ਅਰੋੜਾ ਨੇ “ਇੰਟਰਨੈਸ਼ਨਲ ਪੰਜਾਬੀ ਨਿਊਜ” ਦੇ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਚੋਣ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ ।