ਮੋਗਾ 24 ਜੂਨ (ਗੁਰਜੰਟ ਸਿੰਘ ): ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਸਚਿਵ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ 25 ਜੂਨ ਨੂੰ ਸਵੇਰੇ 7:00 ਵਜੇ ਮੋਗਾ ਸਥਿਤ ਸ਼ਹੀਦੀ ਸਮਾਰਕ ਵਿਖੇ ਪਹੁੰਚ ਕੇ ਮੋਗਾ ਨਰਸੰਘਾਰ ਵਿੱਚ ਸ਼ਹੀਦ ਹੋਏ 25 ਰਾਸ਼ਟਰਭਗਤ ਸਵੈਸੇਵਕਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ। ਇਸ ਮੌਕੇ ਭਾਜਪਾ ਦੇ ਅਹੁਦੇਦਾਰ, ਕਾਰਕੁਨ ਅਤੇ ਵੱਡੀ ਗਿਣਤੀ ਵਿੱਚ ਨਾਗਰਿਕ ਹਾਜ਼ਰ ਰਹਿਣਗੇ।
ਜ਼ਿਕਰਯੋਗ ਹੈ ਕਿ 25 ਜੂਨ 1989 ਨੂੰ ਮੋਗਾ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦੀ ਸ਼ਾਖਾ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ 25 ਸਵੈਸੇਵਕਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਆਯੋਜਿਤ ਸਮਾਗਮ ਤਹਿਤ ਸਵੇਰੇ 7:00 ਵਜੇ ਸ਼ਹੀਦੀ ਸਮਾਰਕ, ਮੋਗਾ ਵਿਖੇ ਸ਼ਰਧਾਂਜਲੀ ਪ੍ਰੋਗਰਾਮ ਹੋਵੇਗਾ, ਜਿੱਥੇ ਸ਼ਹੀਦਾਂ ਦੇ ਸਨਮਾਨ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਰਾਸ਼ਟਰ ਸੇਵਾ ਅਤੇ ਕੁਰਬਾਨੀ ਨੂੰ ਨਮਨ ਕੀਤਾ ਜਾਵੇਗਾ।
ਇਸ ਮੌਕੇ ਹਾਜ਼ਰ ਲੋਕ ਦੇਸ਼ ਦੀ ਏਕਤਾ, ਅਖੰਡਤਾ ਅਤੇ ਰਾਸ਼ਟਰਭਗਤੀ ਲਈ ਆਪਣੇ ਪ੍ਰਾਣ ਨਿਓਛਾਵਰ ਕਰਨ ਵਾਲੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਪ੍ਰੋਗਰਾਮ ਰਾਹੀਂ ਨਵੀਂ ਪੀੜ੍ਹੀ ਨੂੰ ਵੀ ਰਾਸ਼ਟਰ ਹਿੱਤ ਲਈ ਦਿੱਤੀਆਂ ਗਈਆਂ ਇਨ੍ਹਾਂ ਸਰਵੋੱਚ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ ਜਾਵੇਗਾ।
ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਜਪਾ ਆਗੂ ਤਰੁਣ ਚੁੱਘ ਸਵੇਰੇ 9:30 ਵਜੇ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਦੇ ਸਮਾਰਕ ਢੁੱਡੀਕੇ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ।
ਇਸ ਤੋਂ ਬਾਅਦ ਸਵੇਰੇ 10:00 ਵਜੇ ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਕਾਰਕੁਨਾਂ ਨੂੰ ਸੰਬੋਧਨ ਕਰਨਗੇ। ਦੁਪਹਿਰ 12:00 ਵਜੇ ਮੀਡੀਆ ਨਾਲ ਗੱਲਬਾਤ ਕਰਨ ਉਪਰੰਤ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।




