ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉਸਦੇ ਪਿਤਾ ਬਲਕੌਰ ਸਿੰਘ ਸਿੱਧੂ ਪ੍ਰਤੀ ਟਿੱਪਣੀਆਂ ਕਰਨ ਨੂੰ ਲੈਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਸਾਥੀ ਅਤੇ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਵਿੱਕੀ ਨੂੰ ਬੰਬੀਹਾ ਗਰੁੱਪ ਵੱਲੋਂ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਖੁਦ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸਣ ਵਾਲੇ ਵਿਅਕਤੀ ਨੇ ਵੱਟਸਐਪ ਕਾਲ ’ਤੇ ਇਹ ਬਿਆਨਬਾਜ਼ੀ ਕਰਨ ਅਤੇ ਨਾ ਬਾਜ ਆਉਣ ’ਤੇ ਇਸਦਾ ਖਮਿਆਜ਼ਾ ਭੁਗਤਣ ਦੀ ਧਮਕੀ ਦਿੱਤੀ ਹੈ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਵਿੱਕੀ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਇਸਦੀ ਜਾਂਚ ਪੜਤਾਲ ਆਰੰਭ ਦਿੱਤੀ ਹੈ।
ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਵਿੱਕੀ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਇੱਕ ਵੱਟਸਐਪ ਕਾਲ ਆਈ, ਜਿਸ ’ਤੇ ਖੁਦ ਨੂੰ ਸਿਕੰਦਰ ਸਿੰਘ ਬੰਬੀਹਾ ਗਰੁੱਪ ਦਾ ਗੈਂਗਸਟਰ ਦੱਸਣ ਵਾਲੇ ਵਿਅਕਤੀ ਨੇ ਧਮਕਾਇਆ ਅਤੇ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਅਤੇ ਉਸਦੇ ਪਿਤਾ ਦੇ ਖਿਲਾਫ਼ ਬਿਆਨਬਾਜ਼ੀ ਕਰਦੇ ਹੋ। ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਭਰਾ ਸੀ, ਉਸਦੇ ਖਿਲਾਫ਼ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਇਹ ਟਿੱਪਣੀਆਂ ਤੇ ਬਿਆਨਬਾਜ਼ੀ ਬੰਦ ਨਾ ਹੋਈ ਤਾਂ ਤੇਰੇ ਸਿਰ ਵਿੱਚ ਗੋਲੀਆਂ ਉਹ ਮਰਵਾਂਵੇਗਾ ਅਤੇ ਕੋਈ ਵਿਅਕਤੀ ਰੋਣ ਵਾਲਾ ਨਹੀਂ ਬਚੇਗਾ। ਹਾਲਾਂਕਿ ਗੁਰਪ੍ਰੀਤ ਸਿੰਘ ਵਿੱਕੀ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਸਿੱਧੂ ਮੂਸੇਵਾਲਾ ਪ੍ਰਤੀ ਕੋਈ ਵੀ ਟਿੱਪਣੀ ਨਾ ਕਰਨਾ ਦੀ ਗੱਲ ਕਹੀ ਅਤੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪਾਰਟੀ ਪ੍ਰਧਾਨ ਪ੍ਰਤੀ ਜੋ ਟਿੱਪਣੀਆਂ ਕੀਤੀਆਂ ਗਈਆਂ ਉਨ੍ਹਾਂ ਦਾ ਸਿਰਫ਼ ਜਵਾਬ ਦਿੱਤਾ ਹੈ, ਪਰ ਖੁਦ ਨੂੰ ਗੈਂਗਸਟਰ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਨਾ ਉਹ ਉਸਨੂੰ ਜਾਣਦੇ ਹਨ ਅਤੇ ਨਾ ਹੀ ਰਾਜਾ ਵੜਿੰਗ ਨੂੰ। ਸਿੱਧੂ ਮੂਸੇਵਾਲਾ ਅਤੇ ਉਸਦੇ ਪਿਤਾ ਪ੍ਰਤੀ ਜੇਕਰ ਕੋਈ ਭਵਿੱਖ ਵਿੱਚ ਬਿਆਨਬਾਜ਼ੀ ਕੀਤੀ ਤਾਂ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ।
ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਨਿੱਜੀ ਤੌਰ ’ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਦੇ ਨਹੀਂ ਕੀਤੀ ਅਤੇ ਇਹੀ ਸਭ ਕੁੱਝ ਉਨ੍ਹਾਂ ਨੇ ਪੁਲੀਸ ਨੂੰ ਦੱਸਿਆ ਹੈ। ਇਹ ਵਿਦੇਸ਼ੀ ਨੰਬਰ ਪੁਰਤਕਾਲ ਦਾ ਦੱਸਿਆ ਜਾ ਰਿਹਾ ਹੈ।