ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ:
ਪੰਜਾਬ ਵਿੱਚ ਔੜ ਵਰਗੀ ਸਥਿਤੀ ਤੋਂ ਉਸ ਵੇਲੇ ਛੁਟਕਾਰਾ ਮਿਲਿਆ, ਜਦੋਂ ਲਗਾਤਾਰ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਅੱਜ ਸਵੇਰੇ ਦਰਮਿਆਨੇ ਦਰਜੇ ਦਾ ਮੀਂਹ ਪੈਣ ਲੱਗਿਆ। ਮੌਸਮ ਦਾ ਮਿਜ਼ਾਜ ਬਦਲਣ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤੜਕੇ ਮੀਂਹ ਅਤੇ ਕਣੀਆਂ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਨੇ ਪਾਰੇ ਨੂੰ ਭੁੰਜੇ ਸੁੱਟ ਦਿੱਤਾ ਹੈ। ਆਮ ਨਾਲੋਂ 5 ਡਿਗਰੀ ਤਾਪਮਾਨ ਹੇਠਾਂ ਡਿੱਗ ਪਿਆ ਹੈ। ਲੋਕਾਂ ਨੂੰ ਅੱਜ ਜਿੱਥੇ ਠੰਡੀਆਂ ਹਵਾਵਾਂ ਨੇ ਰਾਹਤ ਦਿੱਤੀ ਹੈ, ਉਥੇ ਲੋਕਾਂ ਦੀ ਘਰਾਂ ’ਚ ਬਾਹਰ ਨਿਕਲਣ ਦੀ ਚਹਿਲ ਕਦਮੀ ਪਹਿਲਾਂ ਨਾਲੋਂ ਜ਼ਿਆਦਾ ਰੌਣਕੀ ਸੀ।
ਅੱੱਜ ਖੇਤਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਗ੍ਰਾਮੀਣ ਕਿ੍ਰਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲੇ ਦੋ-ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਮਾਲਵਾ ਖੇਤਰ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਸਮ ਦੇ ਇਸ ਬਦਲੇ ਮਿਜ਼ਾਜ ਦਾ ਸ਼ਹਿਰੀ ਲੋਕਾਂ ਨੇ ਖੂਬ ਲੁਤਫ਼ ਲਿਆ, ਜਦੋਂ ਕਿ ਪੇਂਡੂ ਖੇਤਰ ਵਿੱਚ ਅੱਜ ਝੋਨਾ ਲਾਉਣ ਖੇਤਾਂ ਵਿੱਚ ਖੂਬ ਰੌਣਕ ਮੇਲਾ ਲੱਗਿਆ ਰਿਹਾ।ਉਨ੍ਹਾਂ ਦੱਸਿਆ ਕਿ ਮੌਸਮ ਮਹਿਕਮੇ ਅਨੁਸਾਰ ਦੋ ਦਿਨ ਮਾਲਵਾ ਪੱਟੀ ਵਿੱਚ ਬੱਦਲ ਛਾਏ ਰਹਿਣਗੇ ਅਤੇ ਮਾਨਸੂਨ ਨਾਲ ਕਿਤੇ ਮੋਟੀਆਂ ਅਤੇ ਕਿਤੇ ਹਲਕੀਆਂ-ਫੁਲਕੀਆਂ ਕਣੀਆਂ ਡਿੱਗਦੀਆਂ ਰਹਿਣਗੀਆਂ ਅਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲਦੀ ਰਹੇਗੀ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਵਾਈ ਸਬੰਧੀ ਸਰਕਾਰ ਵੱਲੋਂ ਸਿਫਾਰਸ਼ ਕੀਤੀ ਗਈ ਹੈ, ਜਿਸ ਦੌਰਾਨ ਮੌਸਮ ਵਿੱਚ ਠੰਡ ਬਣਨ ਦੀਆਂ ਮੌਸਮ ਮਹਿਕਮੇ ਵੱਲੋਂ, ਜੋ ਸੂਚਨਾਵਾਂ ਭੇਜੀਆਂ ਗਈਆਂ ਹਨ, ਉਨ੍ਹਾਂ ਦਾ ਕਿਸਾਨਾਂ ਵੱਲੋਂ ਲਾਹਾ ਲੈਕੇ ਝੋਨੇ ਦੀ ਲੁਵਾਈ ਦੇ ਕਾਰਜ ’ਚ ਛੇਤੀ ਲਿਆਂਦੀ ਹੈ।ਉਨ੍ਹਾਂ ਕਿਹਾ ਕਿ ਸੂਚਨਾਵਾਂ ਮੁਤਾਬਕ ਪਏ ਮੀਂਹ ਤੋਂ ਮਗਰੋਂ ਨਰਮਾ,ਮੱਕੀ,ਪਸ਼ੂਆਂ ਦਾ ਹਰਾ-ਚਾਰਾ,ਸਬਜ਼ੀਆਂ ਅਤੇ ਬਾਗਾਂ ਵਿੱਚ ਰੌਣਕ ਪਰਤ ਆਈ ਹੈ।
ਡੱਬੀ: ਮਾਨਸਾ ਸ਼ਹਿਰ ਦੇ ਬਜ਼ਾਰਾਂ ’ਚ ਭਰਿਆ ਮੀਂਹ ਦਾ ਪਾਣੀ
ਅੱਜ ਤੜਕਸਾਰ ਆਏ ਮੀਂਹ ਨੇ ਮਾਨਸਾ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਗਿਆ। ਸ਼ਹਿਰ ’ਚ ਬਹੁਤੀਆਂ ਦੁਕਾਨਾਂ ਨੂੰ ਦੁਕਾਨਦਾਰਾਂ ਵੱਲੋਂ ਦੇਰੀ ਨਾਲ ਖੋਲ੍ਹਿਆ ਗਿਆ। ਸ਼ਹਿਰ ’ਚ ਭਰੇ ਇਸ ਮੀਂਹ ਦੇ ਪਾਣੀ ਕਾਰਨ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਦਾ ਇਹ ਪਾਣੀ ਦੁਪਹਿਰ ਤੱਕ ਸੁੱਕਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।