ਮਾਨਸਾ, 28 ਮਈ(ਜਗਮੰਦਰ ਸਿੰਘ ਸਰਾਂ )
ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਚੱਲ ਰਹੀ ਲੋਅ ਅਤੇ ਭਾਰੀ ਗਰਮੀ ਤੋਂ ਅੱਜ ਦੇਰ ਸ਼ਾਮ ਉਸ ਵੇਲੇ ਕੁੱਝ ਰਾਹਤ ਮਿਲੀ, ਜਦੋਂ ਤੇਜ਼ ਹਨ੍ਹੇਰੀ ਚੱਲਣ ਦੇ ਨਾਲ-ਨਾਲ ਕਣੀਆਂ ਡਿੱਗੀਆਂ। ਮੌਸਮ ਮਹਿਕਮੇ ਵੱਲੋਂ ਪਹਿਲਾਂ ਤੋਂ ਹੀ 28 ਤੋਂ 30 ਮਈ ਤੱਕ ਮੀਂਹ, ਹਨ੍ਹੇਰੀ ਪਸ਼ੀਨਗੋਈ ਕੀਤੀ ਹੋਈ ਸੀ। ਇਲਾਕੇ ਵਿੱਚ ਮੀਂਹ ਨਾ ਪੈਣ ਕਾਰਨ ਅਤੇ ਨਹਿਰਾਂ ਬੰਦੀ ਨੇ ਫ਼ਸਲਾਂ ਦੇ ਘੁੰਢ ਮੋੜ ਰੱਖੇ ਸਨ, ਜਿੰਨਾਂ ਤੋਂ ਹੁਣ ਕਣੀਆਂ ਅਤੇ ਤੇਜ਼ ਹਵਾਵਾਂ ਚੱਲਣ ਨਾਲ ਕੁੱਝ ਹੱਦ ਤੱਕ ਛੁਟਕਾਰਾ ਮਿਲਣ ਦੀ ਉਮੀਦ ਬੱਝੀ ਹੈ।
ਇਸ ਇਲਾਕੇ ਵਿੱਚ ਇਹ ਮੀਂਹ ਭਾਵੇਂ ਕਿਸਾਨਾਂ ਵਲੋਂ ਪਹਿਲਾਂ ਛਿੜਕਾ-ਛੰਬਾ ਹੀ ਮੰਨਿਆ ਗਿਆ ਹੈ, ਪਰ ਇਸ ਨਾਲ ਤਾਪਮਾਨ ਵਿੱਚ 4-5 ਡਿਗਰੀ ਗਿਰਾਵਟ ਆ ਗਈ ਹੈ। ਮੌਸਮ ਮਹਿਕਮੇ ਅਨੁਸਾਰ ਕੱਲ੍ਹ ਤੱਕ ਹੋਰ ਤਾਪਮਾਨ ਦੇ ਹੇਠਾਂ ਜਾਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਲੁਧਿਆਣਾ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੁਪਹਿਰ ਤੱਕ 10 ਡਿਗਰੀ ਸੈਂਟੀਗਰੇਡ ਘੱਟਣ ਦਾ ਅਨੁਮਾਨ ਹੈ।
ਦੇਰ ਸ਼ਾਮ ਆਈ ਤੇਜ਼ ਹਨ੍ਹੇਰੀ ਨਾਲ ਭਿਆਨਕ ਗਰਮੀ ਤੋਂ ਜੂਝ ਰਹੇ ਲੋਕਾਂ ਨੂੰ ਬੇਸ਼ੱਕ ਰਾਹਤ ਮਿਲੀ ਹੈ, ਪਰ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣ ਦੇ ਨਾਲ ਭਾਵੇਂ ਗਰਜ਼-ਚਮਕ ਦੇ ਨਾਲ ਕਣੀਆਂ ਪੈਣ ਲੱਗੀਆਂ ਹਨ, ਜਿਸ ਨੇ ਲੋਕਾਂ ਨੂੰ ਗਰਮੀ ਤੋਂ ਕੁੱਝ ਹੱਦ ਤੱਕ ਰਾਹਤ ਦਿਵਾਈ ਹੈ।ਕੱਲ੍ਹ ਤੱਕ ਹੋਰ ਕਣੀਆਂ ਪੈਣ ਨਾਲ ਤਪਸ਼ ਤੋਂ ਵੱਡੀ ਪੱਧਰ ’ਤੇ ਛੁਟਕਾਰਾ ਮਿਲਣ ਦੀ ਉਮੀਦ ਹੈ।
ਮੌਸਮ ਮਹਿਕਮੇ ਨੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਗੜੇਮਾਰੀ ਹੋਣ ਦੀ ਸੰਭਾਵਨਾ ਸਬੰਧੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਭਾਰੀ ਗਰਮੀ ਪੈ ਰਹੀ ਸੀ, ਜਿਸ ਕਾਰਨ ਮੱਚ ਰਹੀਆਂ ਫਸਲਾਂ ਨੂੰ ਬਚਾਉਣ ਲਈ ਕਿਸਾਨ ਲਗਾਤਾਰ ਡੀਜ਼ਲ ਫੂਕ ਰਹੇ ਸਨ।ਇਸ ਮੀਂਹ ਨੇ ਕਿਸਾਨਾਂ ਦਾ ਇੱਕ ਵਾਰ ਸੀਨਾ ਠਾਰ ਦਿੱਤਾ ਹੈ। ਗਰਮੀ ਨਾਲ ਲਗਾਤਾਰ ਖੌਜ਼ਲ ਰਹੇ ਕਿਸਾਨਾਂ ਨੇ ਦੇਰ ਸ਼ਾਮ ਅਕਾਸ਼ ਉਪਰ ਚੜੀਆਂ ਕਾਲੀਆਂ ਘਟਾਵਾਂ ਵੇਖਕੇ ਹੀ ਬਾਗੋ-ਬਾਗ ਹੋ ਗਏ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਨਿੱਕੀ ਫ਼ਸਲ, ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਦੱਸਿਆ ਹੈ। ਮਹਿਕਮੇ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਫ਼ਸਲਾਂ ਉਪਰ ਜਿਹੜੀ ਗਰਮੀ ਨੇ ਮਾੜਾ ਅਸਰ ਪਾਇਆ ਸੀ, ਉਹ ਹੁਣ ਇਸ ਮੀਂਹ ਨੇ ਚੰਗਾ ਪ੍ਰਭਾਵ ਪਾ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ।
ਖ਼ਬਰਾਂ
ਪੰਜਾਬ 'ਚ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਖੇਤੀ ਖੇਤਰ ਲਈ ਲਾਹੇਵੰਦ
* ਰੱਬਾ ਰੱਬਾ ਮੀਂਹ ਬਰਸਾਅ
29 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



