ਪਟਿਆਲਾ, 6 ਨਵੰਬਰ (ਰਾਜਵਿੰਦਰ ਕੌਰ )
ਅਕਾਲੀ ਦਲ ਪੁਨਰ ਸੁਰਜੀਤੀ ਨੂੰ ਅਲਵਿਦਾ ਆਖਣ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾ ਲਿਆ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖੁਦ ਪਟਿਆਲਾ ਦੇ ਹੀਰਾ ਬਾਗ ਵਿਖੇ ਚੰਦੂਮਾਜਰਾ ਦੀ ਰਿਹਾਇਸ਼ ਤੇ ਪਹੁੰਚੇ ਅਤੇ ਚੰਦੂਮਾਜਰਾ ਪਰਿਵਾਰ ਦਾ ਮੁੜ ਅਕਾਲੀ ਦਲ ਵਿੱਚ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੋਂ ਗਏ ਅਕਾਲੀ ਆਗੂ ਅੱਜ ਫਿਰ ਆਪਣੀ ਮਾਂ ਪਾਰਟੀ 'ਚ ਵਾਪਿਸ ਆ ਰਹੇ ਨੇ ਜਿਸ ਨਾਲ ਅਕਾਲੀ ਦਲ ਨੂੰ ਪਹਿਲਾ ਵਰਗਾ ਬਲ ਹਾਸਿਲ ਹੋਇਆ ਹੈ ।
ਉੱਧਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲ ਤਖ਼ਤ ਦਾ ਆਦੇਸ਼ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਸਾਰੇ ਆਗੂ ਇਕ ਅਕਾਲੀ ਦਲ 'ਚ ਸ਼ਾਮਿਲ ਹੋਣ ਜਿਸਤੋਂ ਬਾਅਦ ਉਹਨਾਂ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ।ਓਹਨਾ ਇਹ ਵੀ ਕਿਹਾ ਕਿ ਓਹਨਾ ਨੇ ਕਦੇ ਵੀ ਅਕਾਲੀ ਦਲ ਛੱਡਿਆ ਨਹੀਂ ਸੀ ਬਸ ਧੜੇ ਅਲਗ ਬਣ ਗਏ ਸਨ ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਸਪੁੱਤਰ, ਸਾਬਕਾ ਵਿਧਾਇਕ ਸ.ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਉਨ੍ਹਾਂ ਦੀ ਪੂਰੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਨਿੱਘਾ ਸਵਾਗਤ ਕਰਦਿਆਂ, ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਉਨ੍ਹਾਂ ਦੀ ਘਰ ਵਾਪਸੀ ਨੇ ਜਥੇਬੰਦੀ ਨੂੰ ਠੋਸ ਮਜ਼ਬੂਤੀ ਦਿੱਤੀ ਹੈ ਅਤੇ ਅਖੌਤੀ “ਨਵਾਂ ਚੁੱਲ੍ਹਾ ਦਲ” ਦੇ ਆਧਾਰ ਨੂੰ ਹੀ ਖ਼ਤਮ ਕਰ ਦਿੱਤਾ ਹੈ।
ਇਸ ਮੌਕੇ ‘ਤੇ, ਮੈਨੂੰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨੌਰ ਵਿਧਾਨ ਸਭਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰਦੇ ਹੋਏ ਵੀ ਖੁਸ਼ੀ ਹੋ ਰਹੀ ਹੈ।
ਪੁਰਾਣੀ ਟੀਮ ਦੀ ਘਰ-ਵਾਪਸੀ ਦੇ ਨਾਲ, ਮੈਂ ਇਹ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤੇਗਾ ਅਤੇ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸਰਕਾਰ ਬਣਾਏਗਾ।