ਤਰਨ ਤਾਰਨ, 3 ਜੁਲਾਈ (ਅਮਿਤ ਮਰਵਾਹਾ) ਪੰਜਾਬ ਸਰਕਾਰ ਦੇ "ਡਰਾਈ ਡੇਅ – ਫਰਾਈ ਡੇਅ" ਅਭਿਆਨ ਤਹਿਤ ਸਿਵਲ ਹਸਪਤਾਲ ਲੋਪੋਕੇ ਵਿੱਚ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਗਰੂਕਤਾ ਪੋਸਟਰਾਂ ਰਾਹੀਂ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਅਤੇ ਸਾਵਧਾਨੀਆਂ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਗਈ।
ਹੈਲਥ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹਰ ਸ਼ੁੱਕਰਵਾਰ (ਫਰਾਈ ਡੇਅ) ਨੂੰ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਜਿਵੇਂ ਕੂਲਰ, ਗਮਲੇ, ਟਾਇਰ, ਫਰਿੱਜ ਦੀ ਟਰੇ ਅਤੇ ਹੋਰ ਬਰਤਨਾਂ ਨੂੰ ਖਾਲੀ ਕਰਕੇ ਸਾਫ਼ ਕਰਨਾ ਚਾਹੀਦਾ ਹੈ ਤਾਂ ਜੋ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ ਅਤੇ ਬੁਖਾਰ ਆਉਣ 'ਤੇ ਤੁਰੰਤ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਇਸ ਮੌਕੇ ਡਾਕਟਰ ਸੁਮਿਤ, ਡਾਕਟਰ ਰਘੂ ਸ਼ਰਮਾ ਹੈਲਥ ਇੰਸਪੈਕਟਰ ਬਿਕਰਮਜੀਤ ਸਿੰਘ, ਕਰਮਨਜੀਤ ਸਿੰਘ ਗੁਰਵਿੰਦਰ ਸਿੰਘ ਮਨਪ੍ਰੀਤ ਕੌਰ ਸਹਿਤ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੇ ਵੀ ਮੁਹਿੰਮ ਵਿੱਚ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਜਾਗਰੂਕਤਾ ਸਮੱਗਰੀ ਵੰਡ ਕੇ ਡਰਾਈ ਡੇਅ – ਫਰਾਈ ਡੇਅ ਅਭਿਆਨ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।




