ਤਰਨ ਤਾਰਨ (ਅਮਿਤ ਮਰਵਾਹਾ)
ਅਰਮਾਨੀਆ ਦੇਸ਼ ਵਿੱਚ ਰੋਜੀ ਰੋਟੀ ਦੀ ਖਾਤਰ ਪਿੰਡ ਲਹੁਕਾ ਦੀ ਨੌਜਵਾਨ ਲੜਕੀ ਕੁਝ ਸਮਾਂ ਬਿਮਾਰ ਹੋਣ ਕਾਰਨ ਉਸ ਦੀ ਉਥੇ ਮੌਤ ਹੋ ਗਈ ਸੀ ।ਪਿੰਡ ਵਾਸੀਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲਾ ਇਕਾਈ ਤਰਨ ਤਾਰਨ ਦੀ ਟੀਮ ਨੂੰ ਪਹੁੰਚ ਕਰਕੇ ਮ੍ਰਿਤਕ ਦੇਹ ਉਹਨਾਂ ਦੇ ਘਰ ਪਹੁੰਚਾਉਣ ਵਾਸਤੇ ਬੇਨਤੀ ਕੀਤੀ ਗਈ ਸੀ ।
ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਸਰਦਾਰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਧੀਨ ਜਿਲਾ ਇਕਾਈ ਤਰਨ ਤਾਰਨ ਵੱਲੋਂ ਵਿਸ਼ੇਸ਼ ਯਤਨ ਕਰਕੇ ਸਰਦਾਰ ਦਿਲਬਾਗ ਸਿੰਘ ਜੋਧਾ ਦੀ ਅਗਵਾਈ ਵਿੱਚ ਬੀਤੇ ਕੱਲ ਦਿੱਲੀ ਏਅਰਪੋਰਟ ਤੋਂ ਡੈਡ ਬਾਡੀ ਲੈ ਕੇ ਮਿਰਤਕ ਦੇ ਪਿੰਡ ਲਹੁਕਾ ਵਿਖੇ ਪਹੁੰਚਾਈ ਗਈ ।
ਦੱਸਣ ਯੋਗ ਹੈ ਕਿ ਮ੍ਰਿਤਕ ਨਗੀਤਾ ਦੀ ਉਮਰ ਕੇਵਲ 23 ਸਾਲ ਦੀ ਸੀ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਮਾਪਿਆਂ ਦੇ ਬਹੁਤ ਵੱਡੇ ਉਪਰਾਲੇ ਅਤੇ ਰਿਸ਼ਤੇਦਾਰਾਂ ਦੀ ਮਦਦ ਸਦਕਾ ਅਰਮਾਨੀਆਂ ਵਿਖੇ ਰੋਜੀ ਰੋਟੀ ਖਾਤਰ ਗਈ ਸੀ ।
ਜਿਉਂ ਹੀ ਮਿਰਤਕ ਲੜਕੀ ਦੀ ਡੈਡ ਬਾਡੀ ਉਹਨਾਂ ਦੇ ਘਰ ਪਹੁੰਚੀ ਤਾਂ ਪਿੰਡ ਅਤੇ ਇਲਾਕੇ ਵਿੱਚੋਂ ਬਹੁਤ ਵੱਡੀ ਤਾਦਾਦ ਵਿੱਚ ਨਮ ਅੱਖਾਂ ਲੈ ਕੇ ਲੋਕਾਂ ਦਾ ਹਜੂਮ ਉਡੀਕ ਕਰ ਰਿਹਾ ਸੀ ।
ਇਸ ਮੌਕੇ ਲੜਕੀ ਦੇ ਮਾਤਾ ਪਿਤਾ ਨੇ ਕੁਰਲਾਉਂਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਨੂੰ ਬਹੁਤ ਹੀ ਮਿਹਨਤ ਕਰਕੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਅਰਮਾਨੀਆਂ ਦੇਸ਼ ਵਿੱਚ ਭੇਜਿਆ ਸੀ ਅਤੇ ਹੁਣ ਜਦੋਂ ਕੁਝ ਸਮਾਂ ਪਹਿਲਾਂ ਲੜਕੀ ਉਥੇ ਬਿਮਾਰ ਹੋ ਗਈ ਤਾਂ ਉਦੋਂ ਵੀ ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਹੋਰ ਅਨੇਕਾਂ ਲੋਕਾਂ ਤੋਂ ਪੈਸੇ ਉਧਾਰੇ ਮੰਗ ਕੇ ਉਸਨੂੰ ਇਲਾਜ ਵਾਸਤੇ ਵੱਡੀ ਰਕਮ ਭੇਜੀ ਸੀ ਪਰ ਅੱਜ ਉਹ ਸਾਰਾ ਪਰਿਵਾਰ ਹਿੰਮਤ ਹਾਰ ਗਿਆ ਹੈ ।
ਮਿਰਤਕ ਨੌਜਵਾਨ ਲੜਕੀ ਨਗੀਤਾ ਦਾ ਸਸਕਾਰ ਉਸਦੇ ਪਿੰਡ ਲੋਹੁਕਾ ਦੇ ਸ਼ਮਸ਼ਾਨ ਘਾਟ ਵਿੱਚ ਦੇਰ ਰਾਤ ਕੀਤਾ ਗਿਆ ।
ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸਮੁੱਚਾ ਪਿੰਡ ਅਤੇ ਆਲੇ ਦੁਆਲੇ ਦੀ ਸੰਗਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲਾ ਇਕਾਈ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਯੋਧਾ ,ਪੈਟਰਨ ਸੁਖਵੰਤ ਸਿੰਘ ਧਾਮੀ ,ਜਨਰਲ ਸਕੱਤਰ ਕੁਲਰਾਜਬੀਰ ਸਿੰਘ ਕੰਗ ,ਮਾਸਟਰ ਗੁਲਬਾਗ ਸਿੰਘ ਕੁਹਾੜਕਾ ,ਕੁਲਵਿੰਦਰ ਸਿੰਘ ਪਿੰਕਾ ,ਮੁੱਖ ਰਾਮ ਸਿੰਘ ,ਮਨਿੰਦਰ ਸਿੰਘ ਰਾਜੂ ,ਬਿਕਰਮਜੀਤ ਸਿੰਘ ਵਿੱਕੀ ਕੰਗ ,ਪੰਡਤ ਗਗਨਦੀਪ ,ਕਵਲਜੀਤ ਸਿੰਘ ਸਾਭਾ ਆਦਿ ਮੈਂਬਰਾਂ ਤੋਂ ਇਲਾਵਾ ਸਰਦਾਰ ਬੋਹੜ ਸਿੰਘ ,ਜਸਵੰਤ ਸਿੰਘ ਵੇਰਕਾ ਡੇਰੀ ਵਾਲੇ ,ਹਰਪ੍ਰੀਤ ਸਿੰਘ ਰੀਡਰ ,ਹੋਰ ਪਿੰਡ ਦੇ ਪਤਵੰਤੇ ਲੋਕ ਮੌਜੂਦ ਸਨ।
ਇਹ ਵੀ ਦੱਸਣ ਯੋਗ ਹੈ ਕਿ ਨੌਜਵਾਨ ਲੜਕੀ ਨਗੀਤਾ 20 ਜੁਲਾਈ 2025 ਨੂੰ ਅਰਮਾਨੀਆਂ ਗਈ ਸੀ ਅਤੇ ਠੀਕ ਇੱਕ ਸਾਲ ਬਾਅਦ 20 ਜੁਲਾਈ 2026 ਨੂੰ ਮੌਤ ਉਪਰੰਤ ਉਸਦੀ ਮਿਰਤਕ ਦੇਹ ਉਸਦੇ ਘਰ ਪਹੁੰਚੀ ਹੈ।