ਮੋਗਾ ,2 ਅਗਸਤ (ਜਗਮੰਦਰ ਸਿੰਘ ਸਰਾਂ/ ਜਸ਼ਨ )ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਲਈ ਅੱਜ ਦਾ ਦਿਨ ਦੁਖਦਾਈ ਖ਼ਬਰ ਲੈ ਕੇ ਆਇਆ ਜਦੋਂ ਲੇਖਕ ,ਪੰਜਾਬੀ ਫਿਲਮ ਨਿਰਦੇਸ਼ਕ ਮਨਜੀਤ ਸਰਾਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਸਵੇਰ ਵੇਲੇ ਆਪਣੇ ਜੱਦੀ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਮਿਰਤਕ ਪਾਏ ਗਏ ।
ਜ਼ਿਕਰਯੋਗ ਹੈ ਕਿ ਮਨਜੀਤ ਸਰਾਂ ਨੇ ਬਤੌਰ ਨਿਰਮਾਤਾ ਨਿਰਦੇਸ਼ਕ ਪੰਜਾਬੀ ਇੰਡਸਟਰੀ ਨੂੰ ਕਾਮਯਾਬ ਫ਼ਿਲਮਾਂ ਦਿੱਤੀਆਂ ਅਤੇ ਫਿਲਮ ਖੇਤਰ ਵਿਚ ਉਹਨਾਂ ਆਪਣੀ ਕਾਬਲੀਅਤ ਦਾ ਲੋਹਾ ਬਾਖੂਬੀ ਮਨਵਾਇਆ। ਉਹਨਾਂ ਵਲੋਂ ਬਣਾਈ ਪੰਜਾਬੀ ਫਿਲਮ "ਕਬਜ਼ਾ" ਅੱਜ ਵੀ ਦਰਸ਼ਕ ਮਨਾਂ ਵਿਚ ਸਮਾਈ ਹੋਈ ਹੈ ਜਿਸ ਵਿਚ ਯੋਗਰਾਜ ਸਿੰਘ ਅਤੇ ਰਾਜਿੰਦਰ ਰੂਬੀ ਨੇ ਯਾਦਗਾਰੀ ਰੋਲ ਨਿਭਾਏ ਸਨ। ਇਸ ਤੋਂ ਇਲਾਵਾ ਛੋਟੀ ਸਕਰੀਨ ਤੇ ਉਹਨਾਂ ਅਨੇਕਾਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਦੀ ਝੋਲੀ ਪਾਈਆਂ ।ਲੇਖਕ ਸੁਰਜੀਤ ਸਿੰਘ ਕਾਉਂਕੇ,ਅਮਰੀਕ ਤਲਵੰਡੀ ਅਤੇ ਪਰਮਜੀਤ ਸਿੰਘ ਚੂਹੜਚੱਕ ਨੇ ਇਸ ਦੁਖਦਾਈ ਮੌਤ ਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਮਨਜੀਤ ਸਰਾਂ ਦੇ ਭਰਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਜੀਤ ਸਰਾਂ ਦਾ ਸਾਰਾ ਪਰਿਵਾਰ ਬਰੈਮਪਟਨ (ਕੈਨੇਡਾ) ਰਹਿੰਦਾ ਹੈ ਅਤੇ ਉਹ ਪੰਜਾਬ ਆਪਣੇ ਪਿੰਡ ਗੇੜੀ ਲਾਉਣ ਆਇਆ ਸੀ ਅਤੇ ਕੁਝ ਦਿਨਾਂ ਵਿਚ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਇਹ ਭਾਣਾ ਵਪਾਰ ਗਿਆ । ਉਹਨਾਂ ਦੱਸਿਆ ਕਿ ਰਾਤ ਨੂੰ ਚੰਗਾ ਭਲਾ ਸੁੱਤਾ ਮਨਜੀਤ ਸਰਾਂ ਜਦ 2 ਅਗਸਤ ਨੂੰ ਸਵੇਰ 9 ਵਜੇ ਤੱਕ ਨਾ ਉੱਠਿਆ ਤਾਂ ਉਸ ਦੇ ਭਰਾਵਾਂ ਨੇ ਅਵਾਜ਼ਾਂ ਮਾਰੀਆਂ, ਪਰ ਜਵਾਬ ਨਾ ਦੇਣ ਤੇ ਦਰਵਾਜੇ ਦਾ ਲੌਕ ਤੋੜ ਕੇ ਕਮਰਾ ਖੋਲ੍ਹਿਆ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ ਪਰ ਉਹਨਾਂ ਮਿਰਤਕ ਕਰਾਰ ਦੇ ਦਿੱਤਾ। ਮੰਜੇ ਕੋਲ ਪਏ ਡਿਸਪਰੀਂਨ ਦੇ ਖਾਲੀ ਪੱਤੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲ ਦੇ ਦੌਰੇ ਦੀ ਆਹਟ ਦੌਰਾਨ ਮਨਜੀਤ ਸਰਾਂ ਨੇ ਡਿਸਪਰੀਂਨ ਦੀ ਗੋਲੀ ਖਾਧੀ ਪਰ ਉਹ ਹੋਂਣੀ ਅੱਗੇ ਹਾਰ ਗਿਆ।
ਮਨਜੀਤ ਸਰਾਂ ਦਾ ਅੰਤਿਮ ਸਸਕਾਰ ਉਸ ਦੀਆਂ ਦੋ ਧੀਆਂ ,ਇਕ ਪੁੱਤਰ ਅਤੇ ਪਤਨੀ ਦੇ ਕੈਨੇਡਾ ਤੋਂ ਪੰਜਾਬ ਆਉਣ ਉਪਰੰਤ ਕੀਤਾ ਜਾਵੇਗਾ।
ਪਿੰਡ ਫ਼ਤਹਿਗੜ੍ਹ ਕੋਰੋਟਾਣਾ ਮੋਗਾ ਜਲੰਧਰ ਰੋਡ 'ਤੇ ਮੋਗਾ ਤੋਂ ਤਕਰੀਬਨ 7 ਕਿਲੋਮੀਟਰ ਦੂਰ ਸਥਿਤ ਹੈ।